31 C
Jalandhar
Tuesday, May 20, 2025

ਪੀ.ਆਈ.ਡੀ.ਬੀ. ਵੱਲੋਂ ਜਲੰਧਰ ਵਿਖੇ 53.23 ਕਰੋੜ ਦੀ ਲਾਗਤ ਨਾਲ ਟਾਂਡਾ ਰੋਡ ਰੇਲਵੇ ਅੰਡਰ ਬ੍ਰਿਜ ਅਤੇ ਦੋ ਹੋਰ ਸੜਕੀ ਪ੍ਰਾਜੈਕਟ ਪ੍ਰਵਾਨ

ਜਲੰਧਰ, 12 ਮਈ –  ( ਨਿਊਜ਼ ਹੰਟ )

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ਹਿਰ ਦੇ ਸਭ ਤੋਂ ਵੱਧ ਰੁਝੇਵੇਂ ਵਾਲੀ ਰੇਲਵੇ ਕਰਾਸਿੰਗ ‘ਤੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਕੀਤੇ ਗਏ ਠੋਸ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ, ਜਿਸ ਦੇ ਚੱਲਦਿਆਂ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਨੇ 5323.09 ਲੱਖ ਨਾਲ ਟਾਂਡਾ ਰੋਡ ਰੇਲਵੇ ਕਰਾਸਿੰਗ ‘ਤੇ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਅਤੇ ਦੋ ਹੋਰ ਸੜਕੀ ਪ੍ਰਾਜੈਕਟਾਂ ਲਈ ਮਨਜ਼ੂਰੀ ਦੇ ਦਿੱਤੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਪੀ.ਆਈ.ਡੀ.ਬੀ. ਦੇ ਚੇਅਰਮੈਨ ਵੀ ਹਨ, ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਸਦਕਾ ਸ਼ਹਿਰਵਾਸੀਆਂ ਨੂੰ ਅੰਮ੍ਰਿਤਸਰ-ਦਿੱਲੀ ਰੇਲਵੇ ਮਾਰਗ ‘ਤੇ ਪੈਂਦੀ ਇਸ ਰੇਲਵੇ ਕਰਾਸਿੰਗ ‘ਤੇ ਲੱਗਦੇ ਟ੍ਰੈਫਿਕ ਜਾਮਾਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਵਰੀ 2021 ਵਿਚ ਟਾਂਡਾ ਰੋਡ ਕਰਾਸਿੰਗ ਵਿਖੇ ਆਰ.ਯੂ.ਬੀ. ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਸਿਧਾਂਤਕ ਪ੍ਰਵਾਨਗੀ ਮਿਲਣ ਤੋਂ ਬਾਅਦ ਪ੍ਰਬੰਧਕੀ ਪ੍ਰਵਾਨਗੀ ਤੇ ਲੋੜੀਂਦੇ ਫੰਡਾਂ ਲਈ ਇਸ ਪ੍ਰਾਜੈਕਟ ਨੂੰ ਪੀ.ਆਈ.ਡੀ.ਬੀ. ਨੂੰ ਭੇਜਿਆ ਗਿਆ ਸੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ ਸਾਈਟ ‘ਤੇ 350 ਮੀਟਰ ਲੰਬਾ ਅਤੇ 5.0 ਮੀਟਰ ਚੌੜਾ ਆਰ.ਯੂ.ਬੀ. ਬਣਾਇਆ ਜਾਣਾ ਹੈ, ਜਿਸ ਲਈ ਲੋੜੀਂਦੀ ਜ਼ਮੀਨ ਅਤੇ ਹੋਰ ਬੁਨਿਆਦੀ ਢਾਂਚਾ ਵੀ ਉਪਲਬਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਰ.ਯੂ.ਬੀ. ਤੋਂ ਇਲਾਵਾ ਕਰਾਸਿੰਗ ਦੇ ਦੋਵੇਂ ਪਾਸਿਆਂ ਦੀਆਂ ਸਰਵਿਸ ਲੇਨਾਂ ਵੀ ਤਜਵੀਜ਼ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਰੇਲ ਵਾਹਨ ਇਕਾਈ ਵੱਲੋਂ ਇੱਥੇ 5 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਇਸ ਨੂੰ ਆਰ.ਯੂ.ਬੀ. /ਆਰ.ਓ.ਬੀ. ਦੀ ਉਸਾਰੀ ਦੇ ਮਾਪਦੰਡਾਂ ਦੇ ਸਮਰੱਥ ਬਣਾਇਆ ਜਾ ਰਿਹਾ ਹੈ, ਜੋ ਕਿ ਰੇਲਵੇ ਦੀ ਨੀਤੀ ਅਨੁਸਾਰ ਇਕ ਲੱਖ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਰੇਲ ਗੱਡੀਆਂ ਦੀ ਭਾਰੀ ਆਵਾਜਾਈ ਕਾਰਨ ਇਹ ਰੇਲਵੇ ਕਰਾਸਿੰਗ ਜ਼ਿਆਦਾਤਰ ਸਮੇਂ ਬੰਦ ਰਹਿੰਦੀ ਹੈ, ਜਿਸ ਕਾਰਨ ਇਥੇ ਟ੍ਰੈਫਿਕ ਜਾਮ ਰਹਿਣ ਕਾਰਨ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਕਈ ਵਾਰ ਇਹ ਕਰਾਸਿੰਗ ਅੱਧੇ ਘੰਟੇ ਲਈ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਰ.ਯੂ.ਬੀ. ਦੇ ਬਣਨ ਨਾਲ ਜਿਥੇ ਨਿਰਵਿਘਨ ਅਤੇ ਸੁਚਾਰੂ ਆਵਾਜਾਈ ਯਕੀਨੀ ਬਣੇਗੀ ਉਥੇ ਵੱਡੀ ਗਿਣਤੀ ਯਾਤਰੀਆਂ, ਵਪਾਰੀਆਂ ਅਤੇ ਵਸਨੀਕਾਂ ਨੂੰ ਵੀ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਪੀ.ਆਈ.ਡੀ.ਬੀ. ਦੀ ਪ੍ਰਵਾਨਗੀ ਵਿੱਚ ਦੋ ਹੋਰ ਸੜਕੀ ਪ੍ਰਾਜੈਕਟ ਲੰਮਾ ਪਿੰਡ-ਜੰਡੂ ਸਿੰਘਾ ਸੜਕ ਨੂੰ ਚਹੁੰ ਮਾਰਗੀ ਕਰਨਾ ਅਤੇ ਫਿਲੌਰ-ਅੱਪਰਾ ਤੇ ਫਗਵਾੜਾ-ਦੁਸਾਂਝ ਮੁਕੰਦਪੁਰ ਰੋਡ ਦੀ ਮੁਰੰਮਤ ਸ਼ਾਮਲ ਹੈ, ਜਿਸ ਨਾਲ ਇਸ ਸੜਕ ‘ਤੇ ਵੱਡੇ ਪੱਧਰ ‘ਤੇ ਆਵਾਜਾਈ ਸੁਵਿਧਾਜਨਕ ਬਣੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਦੇ ਅੰਦਰ ਅਤੇ ਬਾਹਰ ਦੋਵਾਂ ਪਾਸਿਆਂ ‘ਤੇ ਟਰੈਫਿਕ ਦੇ ਪ੍ਰਵਾਹ ਨੂੰ ਸੁਖਾਲਾ ਕਰਨ ਤੋਂ ਇਲਾਵਾ ਇਨ੍ਹਾਂ ਵਿਅਸਤ ਟ੍ਰੈਫਿਕ ਮਾਰਗਾਂ ਦੀ ਵਰਤੋਂ ਕਰਨ ਵਾਲੇ ਵੱਡੀ ਗਿਣਤੀ ਲੋਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾ ਕੇ ਜਲੰਧਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਲੋਕਾਂ ਦੇ ਵੱਡੇ ਹਿਤ ਵਿੱਚ ਸਮਾਂਬੱਧ ਢੰਗ ਨਾਲ ਲਾਗੂ ਕੀਤਾ ਜਾਵੇਗਾ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,300SubscribersSubscribe
- Advertisement -spot_img

Latest Articles