ਹੁਸ਼ਿਆਰਪੁਰ, 2 ਨਵੰਬਰ (ਨਿਊਜ਼ ਹੰਟ)- ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪ੍ਰਮੁੱਖ ਸਕੱਤਰ ਮੈਡਮ ਜਸਪ੍ਰੀਤ ਤਲਵਾੜ ਅਤੇ ਡਾ. ਵੀਰਪਾਲ ਕੌਰ ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਨਵੰਬਰ ਤੋਂ ਮਨਾਏ ਜਾ ਰਹੇ ਪੰਜਾਬੀ ਮਾਹ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਦੀ ਅਗਵਾਈ ਅਤੇ ਪ੍ਰਿੰਸੀਪਲ ਸ਼੍ਰੀ ਅਸ਼ਵਨੀ ਦੱਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਘੰਟਾ ਘਰ ਹੁਰਾਂ ਦੇ ਭਾਸ਼ਾ ਮੰਚ ਦੇ ਸਹਿਯੋਗ ਨਾਲ ਚੇਤਨਾ ਰੈਲੀ ਕੱਢੀ ਗਈ।ਰੈਲੀ ਤੋਂ ਪਹਿਲਾਂ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਜਸਵੰਤ ਰਾਏ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੰਜਾਬ ਸਰਕਾਰ ਵਲੋਂ ਨਵੰਬਰ ਮਹੀਨੇ ਵਿੱਚ ਮੁਖ ਦਫ਼ਤਰ ਤੋਂ ਇਲਾਵਾ ਸਾਰੇ ਜ਼ਿਲ੍ਹਾ ਹੈੱਡਕਵਾਟਰਾਂ ’ਤੇ ਸਮਾਗਮ ਰਚਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਜ਼ੁਬਾਨ ਨੂੰ ਗੁਰੂਆਂ, ਭਗਤਾਂ, ਸੂਫ਼ੀਆਂ ਦੀ ਕਲਮ ਛੋਹ ਪ੍ਰਾਪਤ ਹੈ ਅਤੇ ਇਸਦਾ ਮਾਣ ਸਤਿਕਾਰ ਕਰਨਾ ਸਾਡਾ ਪਹਿਲਾ ਫ਼ਰਜ਼ ਹੈ।ਕਿਸੇ ਵੀ ਕੰਮ ਨੂੰ ਸਭ ਤੋਂ ਵੱਧ ਪ੍ਰਪੱਕਤਾ ਨਾਲ ਮਾਂ ਬੋਲੀ ਵਿੱਚ ਹੀ ਸਿੱਖਿਆ ਅਤੇ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ 14 ਕਰੋੜ ਲੋਕਾਂ ਦੀ ਮਾਂ ਬੋਲੀ ਪੰਜਾਬੀ ਨੂੰ ਬੋਲਣ ਵਾਲੇ ਲੋਕ ਅੱਜ ਦੁਨੀਆ ਦੇ ਕੋਨੇ ਕੋਨੇ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਨਸਿਕਤਾ ਅਜਿਹੀ ਬਣਾ ਲੈਣੀ ਚਾਹੀਦੀ ਹੈ ਕਿ ਅਸੀਂ ਪੰਜਾਬੀ ਬੋਲਣ, ਪੰਜਾਬੀ ਪੜ੍ਹਨ ਅਤੇ ਪੰਜਾਬੀ ਲਿਖਣ ਵਿੱਚ ਮਾਣ ਮਹਿਸੂਸ ਕਰੀਏ।ਮਾਂ ਬੋਲੀ ਬਾਰੇ ਦੁਨੀਆ ਦੀ ਪ੍ਰਸਿੱਧ ਪੁਸਤਕ ‘ਮੇਰਾ ਦਾਗਿਸਤਾਨ’ ਵਿੱਚੋਂ ਉਨ੍ਹਾਂ ਬਹੁਤ ਸਾਰੀਆਂ ਉਦਾਹਰਣਾਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਵਿਦਿਆਰਥੀਆਂ ਦਾ ਪੰਜਾਬੀ ਸਲੋਗਨ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਛੇਵੀਂ ਤੋਂ ਅੱਠਵੀਂ ਵਰਗ ਵਿੱਚ ਗੁਰਿੰਦਰ, ਗਗਨਦੀਪ ਅਤੇ ਅਕਸ਼ਿਤ ਸ਼ਰਮਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਵਿੱਚੋਂ ਮੋਨਿਕਾ, ਸਿਮਰਨ ਅਤੇ ਤਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਦਾ ਭਾਸ਼ਾ ਵਿਭਾਗ ਵਲੋਂ ਪ੍ਰਮਾਣ ਪੱਤਰਾਂ ਨਾਲ ਸਨਮਾਨ ਕੀਤਾ ਗਿਆ।ਉਪਰੰਤ ਸੈਸ਼ਨ ਚੌਕ ਤੱਕ ਵਿਦਿਆਰਥੀਆਂ ਨਾਲ ਭਰਵੇਂ ਰੂਪ ਵਿੱਚ ਪੰਜਾਬੀ ਮਾਹ ਚੇਤਨਾ ਰੈਲੀ ਵੀ ਕੱਢੀ ਗਈ। ਸਮਾਪਤੀ ’ਤੇ ਹਾਜ਼ਰੀਨ ਦਾ ਧੰਨਵਾਦ ਪ੍ਰਿੰਸੀਪਲ ਦੱਤਾ ਨੇ ਕੀਤਾ।ਇਸ ਮੌਕੇ ਪੰਜਾਬੀ ਮਾਸਟਰ ਸੁਰਜੀਤ ਰਾਜਾ, ਮੈਡਮ ਕਮਲਜੀਤ ਕੌਰ, ਸੁਨੀਤਾ ਰਾਣੀ, ਸੀਮਾ ਸੈਣੀ, ਗੁਰਪ੍ਰੀਤ ਕੌਰ, ਰਕਸ਼ਾ, ਮਨੀਸ਼ਾ, ਸੰਦੀਪ ਕੌਰ, ਨਿਰਦੇਸ਼ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।