ਜਲੰਧਰ, 29 ਜੁਲਾਈ ( ਨਿਊਜ਼ ਹੰਟ )- ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਸੰਜੀਦਾ ਯਤਨਾਂ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰ ਦਿੱਤਾ ਹੈ , ਜਿਸ ਸਦਕਾ ਪਿਛਲੇ ਦੋ ਦਹਾਕਿਆਂ ਵਿੱਚ ਹਰਿਆਣਾ ਨਾਲੋਂ ਰਾਜ ਦੇ ਪੂੰਜੀਗਤ ਖ਼ਰਚੇ ਵਿੱਚ ਵਾਧਾ ਹੋਇਆ ਹੈ।
ਇਥੇ ਰੋਟਰੀ ਚੈਰੀਟੇਬਲ ਹਸਪਤਾਲ ਮਾਡਲ ਹਾਊਸ ਵਿਖੇ ਆਪ੍ਰੇਸ਼ਨ ਥਿਏਟਰ ਨੂੰ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਜਿਨ੍ਹਾਂ ਦੇ ਨਾਲ ਵਿਧਾਇਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਅਤੇ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਕਾਰਪੋਰੇਸ਼ਨ ਜਗਬੀਰ ਸਿੰਘ ਬਰਾੜ ਵੀ ਮੌਜੂਦ ਸਨ, ਨੇ ਕਿਹਾ ਕਿ ਪਿਛਲੇ 22 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦਾ ਪੂੰਜੀਗਤ ਖ਼ਰਚਾ ਹਰਿਆਣਾ ਤੋਂ ਵਧਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ 8000 ਕਰੋੜ ਦੇ ਮੁਕਾਬਲੇ ਪੰਜਾਬ ਦਾ ਇਸ ਸਾਲ ਦਾ ਸਲਾਨਾ ਪੂੰਜੀਗਤ ਖ਼ਰਚਾ 14000 ਕਰੋੜ ਹੈ। ਉਨ੍ਹਾਂ ਕਿਹਾ ਕਿ ਇਹ ਕੈਪਟਨ ਸਰਕਾਰ ਵੱਲੋਂ ਕੀਤੀਆਂ ਗਈਆਂ ਵਿਸ਼ੇਸ਼ ਪਹਿਲ ਕਦਮੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਉਨਾਂ ਤਾਕਤਾਂ ਦੇ ਮੂੰਹ ’ਤੇ ਚਪੇੜ ਹੈ, ਜੋ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਖ਼ਜ਼ਾਨੇ ਨੂੰ ਬਰਬਾਦ ਕਰ ਕੇ ਖਾਲੀ ਛੱਡ ਗਏ ਸਨ।
ਵਿੱਤ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਅਣਥੱਕ ਤੇ ਸੰਜੀਦਾ ਯਤਨਾਂ ਸਦਕਾ ਅੱਜ ਸੂਬਾ ਹਰ ਖੇਤਰ ਵਿੱਚ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਵਿਕਾਸ ਪੱਖੀ ਤੇ ਅਗਾਂਹਵਧੂ ਨੀਤੀਆਂ ਸਦਕਾ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਇਆ ਗਿਆ ਹੈ। ਸ੍ਰ.ਬਾਦਲ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਦੇਖਣ ਨੂੰ ਮਿਲੇਗਾ।
ਵਿੱਤ ਮੰਤਰੀ ਪੰਜਾਬ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਦੇ ਸੰਕਟ ਤੋਂ ਬਚਾਉਣ ਲਈ ਬਹੁਤ ਹੀ ਮਿਸਾਲੀ ਕਦਮ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ 200 ਦੇਸ਼ਾਂ ਵਿੱਚ ਫੈਲੀ ਕੋਵਿਡ ਮਹਾਂਮਾਰੀ ਨੇ ਸਮੁੱਚੇ ਵਿਸ਼ਵ ਦੀ ਆਰਥਿਕਤਾ ਨੂੰ ਬਹੁਤ ਵੱਡੀ ਢਾਹ ਲਗਾਈ ਹੈ ਪਰ ਪੰਜਾਬ ਨੇ ਇਸ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਵਿੱਤ ਮੰਤਰੀ ਨੇ ਇਸ ਮੌਕੇ ਵਿਧਾਇਕ ਸ਼੍ਰੀ ਰਿੰਕੂ ਦੀ ਜਲੰਧਰ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਲਈ ਸ਼ਲਾਘਾ ਵੀ ਕੀਤੀ। ਉਨ੍ਹਾਂ ਹਸਪਤਾਲ ਨੂੰ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਨੇ ਵਿੱਤ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਮੁੱਚੇ ਜਲੰਧਰ ਲਈ ਇਤਿਹਾਸਿਕ ਦਿਨ ਹੈ। ਉਨ੍ਹਾਂ ਕਿਹਾ ਕਿ ਇਹ ਆਪ੍ਰੇਸ਼ਨ ਥਿਏਟਰ ਲੋੜਵੰਦ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਡਾਇਰੈਕਟਰ ਪੰਜਾਬ ਖਾਦੀ ਬੋਰਡ ਮੇਜਰ ਸਿੰਘ, ਪ੍ਰਧਾਨ ਦਿਨੇਸ਼ ਸ਼ਰਮਾ, ਯੂ.ਐਸ.ਘਈ, ਸੁਸ਼ੀਲ ਨਾਗਪਾਲ, ਬ੍ਰਿਜੇਸ਼ ਸਿੰਗਲ ਅਤੇ ਹੋਰ ਵੀ ਮੌਜੂਦ ਸਨ।