ਹੁਸ਼ਿਆਰਪੁਰ, 9 ਫਰਵਰੀ (ਨਿਊਜ਼ ਹੰਟ)- ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੀ ਮਹੱਤਤਾ ਬਾਰੇ ਰਚਨਾਤਮਕ ਢੰਗ ਨਾਲ ਜਾਗਰੂਕ ਕਰਨ ਲਈ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਲਾਂਚ ਕੀਤੇ ਗਏ ਸ਼ੇਰ ਨੂੰ ਦਰਸਾਉਂਦਾ ਚੋਣ ਮਸਕਟ ‘ਸ਼ੇਰਾ’ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਂਚ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੇਨ ਗੇਟ ’ਤੇ ਲੱਗੇ ਸ਼ੇਰਾ ਦੇ ਲਾਈਟਿੰਗ ਵਾਲੇ ਕੱਟ ਆਉਟਸ ਨੂੰ ਲਾਂਚ ਕਰਦਿਆਂ ਕਿਹਾ ਕਿ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਤਿਆਰ ਚੋਣ ਮਸਕਟ ਸ਼ੇਰਾ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦਾ ਹੈ। ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟ੍ਰੋਲ ਪਾਰਟੀਸਿਪੇਸ਼ਨ (ਸਵੀਪ) ਪ੍ਰੋਜੈਕਟ ਤਹਿਤ ਪ੍ਰਚਾਰਤ ਮਸਕਟ ਦਾ ਉਦੇਸ਼ ਵੋਟਰ ਜਾਗਰੂਕਤਾ ਅਤੇ ਚੋਣਾਂ ਵਿਚ ਹਿੱਸੇਦਾਰੀ ਨੂੰ ਵਧਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਅਤੇ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਮਸਕਟ ਸ਼ੇਰਾ ਦੇ ਰਾਹੀਂ ਵੋਟਰਾਂ ਨੂੰ 20 ਫਰਵਰੀ ਨੂੰ ਵੋਟਾਂ ਪਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਲਾਵਾ ਇਸ ਤਰ੍ਹਾਂ ਦੇ 9 ਕੱਟ ਆਉਟਸ ਵੱਖ-ਵੱਖ ਚੌਕਾਂ ਵਿਚ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕੱਟ ਆਉਟ 12 ਫੁੱਟ ਲੰਬਾ ਅਤੇ 7 ਫੁੱਟ ਚੌੜਾ ਹੈ ਅਤੇ ਇਸ ’ਤੇ ਲਾਈਟਸ ਲਗਾਈ ਗਈ ਹੈ ਤਾਂ ਜੋ ਰਾਤ ਦੇ ਸਮੇਂ ਵੀ ਇਹ ਚਮਕਦਾ ਰਹੇ ਅਤੇ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਦਾ ਰਹੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਲਾਵਾ ਸ਼ਿਮਲਾ ਪਹਾੜੀ ਚੌਕ, ਧੋਬੀਘਾਟ ਚੌਕ, ਬੱਸ ਸਟੈਂਡ, ਪ੍ਰਭਾਤ ਚੌਕ, ਸਿੰਗੜੀਵਾਲਾ ਬਾਈਪਾਸ ਚੌਕ, ਸੈਸ਼ਨ ਚੌਕ, ਘੰਟਾ ਘਰ ਚੌਕ, ਸਬਜ਼ੀ ਮੰਡੀ, ਇੰਟਰਨੈਸ਼ਨਲ ਟਰੈਕਟਰਜ਼ ਸੋਨਾਲੀਕਾ ਦੇ ਬਾਹਰ ਇਹ ਕੱਟ ਆਉਟਸ ਲਗਾਏ ਜਾ ਰਹੇ ਹਨ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਸਵੀਪ ਯੋਜਨਾ ਤਹਿਤ ਸੋਸ਼ਲ ਮੀਡੀਆ ’ਤੇ ਵੋਟਰ ਜਾਗਰੂਕਤਾ ਸੰਦੇਸ਼ ਨੂੰ ਵਿਅਪਕ ਤੌਰ ’ਤੇ ਪ੍ਰਸਾਰਿਤ ਕਰਨ ਤੋਂ ਇਲਾਵਾ ਚੋਣ ਮਸਕਟ ‘ਸ਼ੇਰਾ’ ਦੇ ਪੋਸਟਰ, ਤਸਵੀਰਾਂ, ਛੋਟੇ ਤੇ ਵੱਡੇ ਆਕਾਰ ਦੇ ਕੱਟ ਆਉਟ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਖਾਸ ਤੌਰ ’ਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਭਿਆਚਾਰ ਤੇ ਵੋਟਰਾਂ ਦੀ ਪ੍ਰਾਥਮਿਕਤਾ ਨੂੰ ਧਿਆਨ ਵਿਚ ਰੱਖਦੇ ਹੋਏ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 20 ਫਰਵਰੀ ਨੂੰ ਆਪਣੀ ਵੋਟ ਦਾ ਪ੍ਰਯੋਗ ਜ਼ਰੂਰ ਕਰਨ।
ਇਸ ਮੌਕੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਅਤੇ ਲਾਲ ਚੰਦ ਵੀ ਮੌਜੂਦ ਸਨ।