ਅੰਮ੍ਰਿਤਸਰ, 14 ਜੁਲਾਈ 2021 ( ਨਿਊਜ਼ ਹੰਟ ) :
ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਜਿਸਟਰਡ ਉਸਾਰੀ ਕਾਮੇ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੋ ਕੋਰੋਨਾ ਪਾਜੀਟਿਵ ਹੋ ਗਏ ਸਨ, ਲਈ ਵਿੱਤੀ ਮਦਦ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਰਜਿਸਟਰਡ ਉਸਾਰੀ ਕਾਮੇ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਅੱਜ ਤੋਂ ਸ਼ੁਰੂ ਕੀਤੀ ਇਸ ਸਕੀਮ ਦਾ ਲਾਭ ਉਨ੍ਹਾਂ ਰਜਿਸਟਰਡ ਉਸਾਰੀ ਕਾਮਿਆਂ ਨੂੰ ਮਿਲੇਗਾ ਜੋ ਖੁਦ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਰੋਨਾ ਪਾਜੀਟਿਵ ਹੋ ਗਏ ਸਨ ਅਤੇ ਇਕਾਂਤਵਾਸ ਵਿੱਚ ਰਹੇ ਸਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਨੂੰ ਆਪਣਾ ਜਾਂ ਪਰਿਵਾਰਕ ਮੈਂਬਰਾਂ ਦਾ ਕੋਰੋਨਾ ਪਾਜੀਟਿਵ ਸਰਟੀਫਿਕੇਟ, ਉਸਾਰੀ ਕਾਮੇ ਵਜੋਂ ਰਜਿਸਟਰੇਸ਼ਨ ਕਾਰਡ ਅਤੇ ਬੈਂਕ ਦੀ ਕਾਪੀ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਵਿਚ ਜਾਣਾ ਪਵੇਗਾ ਜਿਥੇ ਸਕੀਮ ਦਾ ਲਾਭ ਦੇਣ ਲਈ ਪ੍ਰਕਿਰਿਆ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਫਾਰਮ ਜਾਂ ਬੇਨਤੀ ਪੱਤਰ ਨਹੀਂ ਦੇਣਾ ਪਵੇਗਾ ਸਗੋਂ ਸੇਵਾ ਕੇਂਦਰ ਵਿਚ ਸਿੱਧੇ ਤੌਰ ’ਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਲਈ 10 ਰੁਪਏ ਸਹੂਲਤ ਚਾਰਜ ਵਜੋਂ ਲਏ ਜਾਣਗੇ।