ਹੁਸ਼ਿਆਰਪੁਰ, 12 ਜੂਨ ( ਨਿਊਜ਼ ਹੰਟ ) :
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸੂਬੇ ਵਿੱਚ ਸਿਹਤਮੰਦ ਤੇ ਸਾਫ-ਸੁਥਰਾ ਮਾਹੌਲ ਦੇਣ ਲਈ ਵਚਨਬੱਧ ਹੈ ਅਤੇ ਇਸ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਹ ਪਿੰਡ ਚੌਹਾਲ ਵਿੱਚ ਸਮਾਰਟ ਵਿਲੇਜ਼ ਸਕੀਮ ਤਹਿਤ ਕਰਵਾਏ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 60 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ-ਨਾਲੀਆਂ ਦੇ ਨਿਰਮਾਣ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਵਿਕਾਸ ਕੰਮ ਕਰਵਾਏ ਗਏ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਬਾਵਜੂਦ ਇਸ ਦੇ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਘੱਟ ਨਹੀਂ ਹੋਣ ਦਿੱਤਾ ਗਿਆ ਹੈ ਜਿਸ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ-2 ਤਹਿਤ ਪੰਜਾਬ ਨੂੰ ਕੋਰੋਨਾ ਮਹਾਮਾਰੀ ਪ੍ਰਤੀ ਜਾਗਰੂਕ ਕਰਨ ਦੀ ਮੁੱਖ ਮੰਤਰੀ ਦੀ ਸੋਚ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਕਾਮਯਾਬ ਬਣਾਉਣਾ ਹੈ, ਜਿਸ ਲਈ ਸਾਰੇ ਲਾਭਪਾਤਰੀ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਪਹਿਲਾ ਟੀਚਾ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਰੱਖਣਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਵਾਇਰਸ ਦੇ ਖਿਲਾਫ਼ ਇਕਜੁਟਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ ਦ੍ਰਿੜ ਨਿਸ਼ਚੇ ਨਾਲ ਹੀ ਸਮਾਜ ਨੂੰ ਇਸ ਨਾਮੁਰਾਦ ਬੀਮਾਰੀ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਖਾਤਮੇ ਲਈ ਸੂਬੇ ਵਿੱਚ ਵੱਡੇ ਪੱਧਰ ’ਤੇ ਅਭਿਆਨ ਵੀ ਚਲਾਇਆ ਗਿਆ ਹੈ ਜੋ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਨੂੰ ਕੋਰੋਨਾ ਮੁਕਤ ਬਣਾਉਣ ਲਈ ਬਹੁਤ ਜ਼ਿਕਰਯੋਗ ਕੰਮ ਕਰਦੇ ਹੋਏ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ।
ਸੁੰਦਰ ਸ਼ਾਮ ਅਰੋੜਾ ਨੇ ਜ਼ਿਲ੍ਹਾ ਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਿਸ਼ਨ-ਫਤਿਹ-2 ਤਹਿਤ ਸਾਰੇ ਕੋਵਿਡ ਬਚਾਅ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਬਣਾਏ ਰੱਖਣ। ਇਸ ਤੋਂ ਇਲਾਵਾ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣ ਅਤੇ ਸਮੇਂ-ਸਮੇਂ ’ਤੇ ਸੈਨੇਟਾਈਜ਼ਰ ਦਾ ਪ੍ਰਯੋਗ ਜ਼ਰੂਰ ਕਰਨ। ਇਸ ਦੌਰਾਨ ਬੀ.ਡੀ.ਪੀ.ਓ. ਅਭੈ ਚੰਦਰ, ਸਰਪੰਚ ਜਸਵੰਤ ਸਿੰਘ, ਦਿਹਾਤੀ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਜੇ.ਈ. ਸੰਦੀਪ ਗੌਤਮ, ਪੰਚ ਸੀਤਲ, ਪੰਚ ਰਮਨਜੋਤ, ਪੰਚ ਰੌਸ਼ਨ ਲਾਲ, ਪੰਚ ਕਮਲਜੀਤ ਕੌਰ, ਪੰਚ ਸੁਨੀਤਾ ਦੇਵੀ, ਪੰਚ ਅਵਤਾਰ ਕੌਰ, ਪੰਚ ਸ਼ਿਵ ਦਿਆਲ, ਪੰਚ ਕੇਵਲ ਕ੍ਰਿਸ਼ਨ, ਪੰਚ ਜਸਵੀਰ, ਬਾਬਾ ਸਰਵਨ ਸ਼ਾਹ, ਜਸਵਿੰਦਰ ਲਾਲ, ਗੁਰਦਿਆਲ ਚੰਦ ਬੱਬੀ, ਰੂਪ ਲਾਲ, ਨੰਬਰਦਾਰ ਮਹਿੰਦਰ ਲਾਲ, ਸਰਪੰਚ ਬਲਵਿੰਦਰ ਭੱਟੀ, ਸਰਪੰਚ ਕੁਲਦੀਪ ਅਰੋੜਾ, ਸੰਤੋਸ਼ ਕੁਮਾਰ ਆਦਿ ਵੀ ਮੌਜੂਦ ਸਨ।