ਪਠਾਨਕੋਟ, 23 ਜੂਨ 2021 ( ਨਿਊਜ਼ ਹੰਟ ) :
ਫਲੱਡ ਸੀਜਨ 2021 ਮਿਤੀ 16 ਜੂਨ 2021 ਤੋਂ ਕਿਰਿਆਸੀਲ ਹੋ ਚੁੱਕਾ ਹੈ ਅਤੇ ਕਈ ਵਾਰ ਅਚਾਨਕ ਡੈਮਾਂ ਤੋਂ ਪਾਈ ਛੱਡ ਦਿੱਤਾ ਜਾਂਦਾ ਹੈ, ਇਸ ਲਈ ਸਭ ਤੋਂ ਪਹਿਲਾਂ ਬਰਸਾਤਾਂ ਸਮੇਂ ਦਰਿਆਵਾਂ ਦੇ ਕਿਨਾਰੇ ਬੈਠੇ ਗੁਜਰ ਪਰਿਵਾਰਾਂ ਅਤੇ ਲੋਕਾਂ ਨੂੰ ਸੁਰਖਿਅਤ ਥਾਵਾਂ ਤੇ ਚਲੇ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਵਿਖੇ ਸਥਿਤ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਨ ਮਗਰੋਂ ਇਹ ਸਾਹਮਣੇ ਆਇਆ ਹੈ ਕਿ ਗੁਜਰ ਪਰਿਵਾਰ ਜੋ ਕਿ ਜਿਆਦਾਤਰ ਡੇਰੇ ਆਦਿ ਦਰਿਆਵਾਂ ਦੇ ਨਜਦੀਕ ਬਣਾ ਲੈਂਦੇ ਹਨ ਅਤੇ ਇਨ੍ਹਾਂ ਵਿੱਚੋਂ ਕਾਫੀ ਸਥਾਨ ਹੜ੍ਹ ਪ੍ਰਭਾਵਿਤ ਹਨ ਅਤੇ ਹਰ ਸਾਲ ਗੁਜਰ ਪਰਿਵਾਰ ਦਰਿਆ ਦੇ ਕਿਨਾਰੇ ਬੈਠਣ ਕਰਕੇ ਅਕਸਰ ਪ੍ਰਭਾਵਿਤ ਹੁੰਦੇ ਹਨ। ਇਸ ਲਈ ਆਮ ਜਨਤਾ ਖਾਸ ਕਰਕੇ ਗੁਜਰ ਪਰਿਵਾਰਾਂ ਆਦਿ ਨੂੰ ਆਪਣੇ ਪਸੂ ਧੰਨ ਜਿਵੇਂ ਮੱਝਾਂ, ਗਾਵਾਂ ਬੱਕਰੀਆਂ ਆਦਿ ਨੂੰ ਨਹਿਰਾਂ, ਨਾਲਿਆਂ ਆਦਿ ਦੇ ਕਿਨਾਰੇ ਲੈ ਕੇ ਜਾਣ ਤੋਂ ਮਨਾਹੀ ਕੀਤੀ ਜਾਂਦੀ ਹੈ।
ਉਨ੍ਹਾਂ ਪੁਲਿਸ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਕਤ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਦੇ ਸਬੰਧਤ ਪੁਲਿਸ ਸਟੇਸਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਨਹਿਰਾ ਜਾਂ ਨਹਿਰਾਂ ਦੇ ਹੈਡਾ ਤੇ ਨਜਰ ਰੱਖਣ ਕਿਉਂਕਿ ਗਰਮੀ ਹੋਣ ਕਾਰਨ ਸਾਰੇ ਬੱਚੇ ਅਤੇ ਨੌਜਵਾਨ ਇਹਨਾਂ ਨਹਿਰਾਂ ਵਿੱਚ ਅਕਸਰ ਨਹਾਉਂਦੇ ਰਹਿੰਦੇ ਹਨ ਜਿੰਨਾਂ ਕਰਕੇ ਆਏ ਦਿਨ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰਦੀ ਰਹਿੰਦੀ ਹੈ। ਇਸ ਸਬੰਧੀ ਨਜਰ ਰੱਖੀ ਜਾਵੇ ਅਤੇ ਬੱਚੇ ਅਤੇ ਨੌਜਵਾਨਾਂ ਨੂੰ ਹੜ੍ਹ ਬਾਰੇ ਜਾਗਰੂਕ ਕਰਦੇ ਹੋਏ ਨਹਿਰ ਵਿੱਚ ਨਹਾਉਣ ਤੋਂ ਮਨਾਂ ਕੀਤਾ ਜਾਵੇ ਤਾਂ ਜੋ ਅਜਿਹੀਆਂ ਘਟਨਾ ਹੋਣ ਤੋਂ ਬਚਿਆ ਜਾ ਸਕੇ।