ਹੁਸ਼ਿਆਰਪੁਰ, 3 ਦਸੰਬਰ (ਨਿਊਜ਼ ਹੰਟ)- ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ, ਜਿਸ ਦੇ ਚੱਲਦਿਆਂ ਅੱਜ ਪੂਰੇ ਸੂਬੇ ਵਿਚ ਤੇਜ਼ੀ ਨਾਲ ਵਿਕਾਸ ਕੰਮ ਹੋ ਰਹੇ ਹਨ। ਉਹ 24 ਲੱਖ 11 ਹਜ਼ਾਰ ਰੁਪਏ ਦੀ ਲਾਗਤ ਨਾਲ ਪੈਟਰੋਲ ਪੰਪ ਪਿੱਪਲਾਂਵਾਲਾ ਤੋਂ ਡਗਾਣਾ ਕਲਾਂ ਨੂੰ ਜਾਣ ਵਾਲੀ ਵਾਰਡ ਨੰਬਰ 22 ਦੀ 1.85 ਕਿਲੋਮੀਟਰ ਲੰਬੀ ਸੜਕ ਨਿਰਮਾਣ ਦੀ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਵਿਧਾਇਕ ਨੇ ਕਿਹਾ ਕਿ ਕਾਂਗਰਸ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜਿਥੇ ਸਾਰੇ ਅਧਿਕਾਰੀ ਤੇ ਵਿਧਾਇਕ, ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਤੱਕ ਜਨਤਾ ਸਿੱਧੇ ਤੌਰ ’ਤੇ ਪਹੁੰਚ ਕਰ ਸਕਦੀ ਹੈ। ਸੂਬੇ ਦੇ ਮੁੱਖ ਮੰਤਰੀ ਹਰ ਵਰਗ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਜਾ ਕੇ ਹੱਲ ਕਰ ਰਹੇ ਹਨ ਅਤੇ ਜਨਤਾ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣ ਲਈ ਖੁਦ ਨਿਗਰਾਨੀ ਕਰ ਰਹੇ ਹਨ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਵੀ ਵਿਕਾਸ ਕਾਰਜ ਦੀ ਰਫਤਾਰ ਹੋਲੀ ਨਹੀਂ ਹੋਣ ਦਿੱਤੀ ਗਈ ਹੈ ਅਤੇ ਲਗਾਤਾਰ ਸ਼ਹਿਰ ਤੇ ਪਿੰਡਾਂ ਵਿਚ ਵਿਕਾਸ ਪ੍ਰੋਜੈਕਟ ਜਾਰੀ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਂਗਰਸ ਸਰਕਾਰ ਪ੍ਰਤੀ ਵਿਸ਼ਵਾਸ ਨਾਲ 2022 ਵਿਧਾਨ ਸਭਾ ਚੋਣਾਂ ਵਿਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣਾ ਤੈਅ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਰਣਜੀਤ ਚੌਧਰੀ, ਜਗਰੂਪ ਸਿੰਘ ਧਾਮੀ, ਕੌਂਸਲਰ ਜਸਵੰਤ ਰਾਏ, ਓਂਕਾਰ ਸਿੰਘ ਧਾਮੀ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ, ਮਹਿੰਦਰ ਲਾਲ, ਰਣਜੀਤ ਬਹਿਲ, ਮਨਮੋਹਨ ਸਿੰਘ ਕਪੂਰ, ਰਜਿੰਦਰ ਕੁਮਾਰ ਸੋਨੀ, ਭੁਪਿੰਦਰ ਕੁਮਾਰ, ਬਲਵਿੰਦਰ ਕੁਮਾਰ, ਦੇਸ ਰਾਜ ਆਦਿ ਵੀ ਮੌਜੂਦ ਸਨ।