ਪਠਾਨਕੋਟ, 27 ਅਗਸਤ ( ਨਿਊਜ਼ ਹੰਟ )- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਰਚੂਅਲ ਤੌਰ ਉਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ, ਤਰਨ ਤਾਰਨ ਦਾ ਨੀਂਹ ਪੱਥਰ ਰੱਖਿਆ। ਇਸੇ ਦੌਰਾਨ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਇਸ ਸੰਸਥਾ ਨੂੰ ਸਮੇਂ ਸਿਰ ਕਾਰਜਸ਼ੀਲ ਕਰਨ ਲਈ ਢੁਕਵੇਂ ਫੰਡ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਜਿਲ੍ਹਾ ਪਠਾਨਕੋਟ ਵਿੱਚ ਵੀ ਵੱਖ ਵੱਖ ਥਾਵਾਂ ਤੇ ਵਰਚੁਅਲ ਸਮਾਰੋਹ ਕਰਵਾਏ ਗਏ ਜਿਲ੍ਹਾ ਪੱਧਰੀ ਸਮਾਰੋਹ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀ ਸੰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ ) ਨੇ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਾ. ਪੂਨਮ ਸਰਮਾ ਲੈਕਚਰਾਰ ਸਰਕਾਰੀ ਕਾਲਜ ਗੁਰਦਾਸਪੁਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ। ਸਮਾਰੋਹ ਦੋਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਵੀ ਜਾਰੀ ਕੀਤੇ ਗਏ।
ਮੁੱਖ ਮੰਤਰੀ ਨੇ ਸਕੂਲ ਸਿੱਖਿਆ ’ਚ ਪੰਜਾਬ ਨੂੰ ਮੁਲਕ ਦਾ ਅੱਵਲ ਸੂਬਾ ਬਣਾਉਣ ਲਈ ਸਿੱਖਿਆ ਵਿਭਾਗ ਦੀ ਸ਼ਲਾਘਾ ਕੀਤੀ। ਸਿੱਖਿਆ ਨੂੰ ਤਰਜੀਹੀ ਖੇਤਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਵਿਚ ਸਿਖਰਲਾ ਦਰਜਾ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਉਦੇਸ਼ ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਚ ਵੀ ਪੰਜਾਬ ਨੂੰ ਅੱਵਲ ਸੂਬਾ ਬਣਾਉਣਾ ਹੈ। ਸਿੱਖਿਆ ਪ੍ਰਤੀ ਆਪਣੀ ਸਰਕਾਰ ਦੀ ਪਹਿਲ ਦੀ ਲੀਹ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ 2 ਅਕਤੂਬਰ ਨੂੰ 18 ਨਵੇਂ ਡਿਗਰੀ ਕਾਲਜਾਂ ਅਤੇ 25 ਆਈ.ਟੀ.ਆਈਜ਼ ਦਾ ਵੀ ਉਦਘਾਟਨ ਕਰਨਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਿੱਖਿਆ ਬਦਲਦੇ ਸਮੇਂ ਦੀ ਹਾਣੀ ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਇਸ ਲਈ ਨਿਰੰਤਰ ਮੁਲਾਂਕਣ ਦੀ ਲੋੜ ਵੀ ਦਰਸਾਈ ਤਾਂ ਕਿ ਆਉਂਦੇ ਦਹਾਕਿਆਂ ਵਿਚ ਸਿੱਖਿਆ ਗੈਰ-ਮੁਨਾਸਬ ਨਾ ਬਣ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਨਵੀਂ ਬਣਨ ਵਾਲੀ ਇਸ ਯੂਨੀਵਰਸਿਟੀ ਦੀਆਂ ਕਲਾਸਾਂ ਨਵਾਂ ਮੁੱਖ ਕੈਂਪਸ ਦੇ ਤਿਆਰ ਹੋਣ ਤੱਕ ਆਰਜ਼ੀ ਕੈਂਪਸ (ਟਰਾਂਜ਼ਿਟ ਕੈਂਪਸ) ਵਿਚ ਸ਼ੁਰੂ ਹੋਣਗੀਆਂ ਅਤੇ ਨਵੇਂ ਕੈਂਪਸ ਲਈ ਪਿੰਡ ਕੈਰੋਂ ਵਿਚ 25 ਏਕੜ ਜ਼ਮੀਨ ਦੀ ਵਿਵਸਥਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਕੈਂਰੋ ਵਿਚ ਬਣਨ ਜਾ ਰਹੀ ਯੂਨੀਵਰਸਿਟੀ ਸਹੀ ਮਾਅਨਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋ ਨੂੰ ਸ਼ਰਧਾਂਜਲੀ ਹੋਵੇਗੀ ਜੋ ਆਧੁਨਿਕ ਪੰਜਾਬ ਦੇ ਸਿਰਜਕ ਸਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਥਾਪਨਾ ਦਾ ਸਿਹਰਾ ਵੀ ਇਨ੍ਹਾਂ ਨੂੰ ਹੀ ਜਾਂਦਾ ਹੈ ਜਿਸ ਸਦਕਾ ਹਰੀ ਕ੍ਰਾਂਤੀ ਆਈ।
ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ। ਸੋਨੇ ਦੇ 5 ਗ੍ਰਾਮ ਦੇ ਸਿੱਕੇ ਦੀ ਕੀਮਤ 27,500 ਰੁਪਏ, 10 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ 55,000 ਅਤੇ 50 ਗ੍ਰਾਮ ਦੇ ਚਾਂਦੀ ਦੇ ਸਿੱਕੇ ਦੀ ਕੀਮਤ 51,000 ਰੁਪਏ ਰੱਖੀ ਗਈ ਹੈ। ਇਹ ਸਿੱਕੇ ਦੇਸ਼ ਭਰ ਵਿਚ ਸਥਿਤ ਫੁਲਕਾਰੀ ਦੇ ਆਊਟਲੈਟ ਉਤੇ ਵਿਕਰੀ ਲਈ ਮੁਹੱਈਆ ਹੋਣਗੇ ਅਤੇ ਇਸ ਤੋਂ ਇਲਾਵਾ ਇਸ ਉਦੇਸ਼ ਲਈ ਆਉਂਦੇ ਦਿਨਾਂ ਵਿਚ ਬੈਂਕਾਂ ਅਤੇ ਡਾਕ ਘਰਾਂ ਨਾਲ ਤਾਲਮੇਲ ਕੀਤਾ ਜਾਵੇਗਾ।