ਜਲੰਧਰ, 29 ਜੁਲਾਈ ( ਨਿਊਜ਼ ਹੰਟ )- ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਚਲਾਏ ਜਾ ਰਹੇ ਪੰਜਾਬ ਸਟੇਟ ਲਾਇਵਲੀਹੁੱਡ ਮਿਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਪ੍ਰੀਤ ਸਿੰਘ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਮੀਟਿੰਗ ਉਨ੍ਹਾਂ ਸਕੀਮ ਦੀ ਸਮੀਖਿਆ ਕਰਦੇ ਹੋਏ ਮੀਟਿੰਗ ਵਿਚ ਹਾਜ਼ਰ ਲੀਡ ਬੈਂਕ ਮੈਨੇਜਰ ਯੂਕੋ ਬੈਂਕ ਅਤੇ ਹੋਰ ਬੈਂਕ ਮੈਨੇਜ਼ਰਾਂ ਨੂੰ ਸੈਲਫ ਹੈਲਪ ਗਰੁੱਪਾਂ ਦੇ ਖਾਤੇ ਖੋਲ੍ਹਣ ਅਤੇ ਸੀ.ਸੀ.ਐਲ. ਡਿਸਬਰਸ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਸਵੈ ਸਹਾਇਤਾ ਸਮੂਹ ਬਣਾਉਣਾ ਅਤੇ ਉਨ੍ਹਾਂ ਦਾ ਸਮਾਜਿਕ ਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਟੀਚਾ ਪਿੰਡਾਂ ਵਿਚਲੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹ ਵਿੱਚ ਜੋੜਨਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਲਾਇਵਲੀਹੁੱਡ ਮਿਸ਼ਨ ਜ਼ਿਲ੍ਹਾ ਜਲੰਧਰ ਦੇ ਤਿੰਨ ਬਲਾਕ ਆਦਮਪੁਰ, ਭੋਗਪੁਰ ਅਤੇ ਜਲੰਧਰ, ਪੱਛਮੀ ਵਿਚ ਚੱਲ ਰਿਹਾ ਹੈ ਅਤੇ ਇਨ੍ਹਾਂ ਤਿੰਨ ਬਲਾਕਾਂ ਵਿੱਚ ਮੌਜੂਦਾ ਸਮੇਂ 612 ਸਵੈ ਸਹਾਇਤਾ ਸਮੂਹ ਚਲ ਰਹੇ ਹਨ, ਜਿਨ੍ਹਾਂ ਵਿੱਚ ਲਗਭਗ 6000 ਤੋਂ ਵੱਧ ਔਰਤਾਂ ਇਨ੍ਹਾਂ ਸਮੂਹਾਂ ਜ਼ਰੀਏ ਇਸ ਸਕੀਮ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਔਰਤਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਸਵੈ ਰੋਜ਼ਗਾਰ ਨਾਲ ਸਬੰਧਤ ਸਿਖਲਾਈ ਜਿਵੇਂ ਕਿ ਅਚਾਰ ਬਣਾਉਣਾ, ਬੂਟੀਕ,ਜੂਟ ਬੈਗ ਅਤੇ ਫੁਟਬਾਲ ਸਿਲਾਈ ਆਦਿ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਇਹ ਔਰਤਾਂ ਸਵੈ ਨਿਰਭਰ ਬਣ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ।