ਜਲੰਧਰ, 19 ਅਗਸਤ ( ਨਿਊਜ਼ ਹੰਟ )- ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜਲੰਧਰ ਸ਼੍ਰੀ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ (ਪੀ.ਐਮ.ਈ.ਜੀ.ਪੀ.) ਸਬੰਧੀ ਇੱਕ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿੱਚ ਸਕੀਮ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਚਾਹਵਾਨ ਉਮੀਦਵਾਰਾਂ ਨੂੰ ਸਵੈ-ਰੋਜ਼ਗਾਰ ਸਥਾਪਿਤ ਕਰਨ ਲਈ ਬੈਂਕਾਂ ਰਾਹੀਂ ਕਰਜ਼ੇ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਦੀ ਉਮਰ ਘੱਟੋ-ਘੱਟ 18 ਸਾਲ ਦੀ ਹੋਣੀ ਚਾਹੀਦੀ ਹੈ, ਉਪਰਲੀ ਉਮਰ 50 ਸਾਲ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਬਿਨੈਕਾਰ ਘੱਟੋ-ਘੱਟ ਅਠਵੀਂ ਪਾਸ ਹੋਣਾ ਚਾਹੀਦਾ ਹੈ। ਜੇਕਰ ਬਿਨੈਕਾਰ ਇਸਤਰੀ, ਅਨੁਸੂਚਿਤ ਜਾਤੀ/ਪੱਛੜੀ ਸ਼੍ਰੇਣੀ ਨਾਲ ਸਬੰਧਤ ਹੈ ਤਾਂ ਉਸਨੂੰ ਸ਼ਹਿਰ ਵਿਚ 25 ਫੀਸਦੀ ਸਬਸਿਡੀ ਅਤੇ ਦਿਹਾਤੀ ਇਲਾਕੇ ਵਿੱਚ 35 ਫੀਸਦੀ ਸਬਸਿਡੀ ਉਪਲਬਧ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਕਰਜ਼ਾ ਲੈਣ ਲਈ ਬਿਨੈਕਾਰ ਆਨਲਾਈਨ ਪੋਰਟਲ pmegponlineapplicationregisteration.gov.in ‘ਤੇ ਅਪਲਾਈ ਕਰ ਸਕਦਾ ਹੈ। ਬਿਨੈਕਾਰ ਨੂੰ ਆਪਣੀ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਦੀ ਕਾਪੀ, ਯੋਗਤਾ ਸਰਟੀਫਿਕੇਟ, ਜੇਕਰ ਪੇਂਡੂ ਇਲਾਕੇ ਵਿਚ ਕੰਮ ਕਰਨਾ ਹੈ ਤਾਂ ਆਬਾਦੀ ਸਬੰਧੀ ਸਰਟੀਫਿਕੇਟ, ਅਨੁਸੂਚਿਤ ਜਾਤੀ, ਪੱਛਣੀ ਸ਼੍ਰੇਣੀ ਸਰਟੀਫ਼ਿਕੇਟ ਦੀ ਕਾਪੀ ਅਤੇ ਪ੍ਰਾਜੈਕਟ ਰਿਪੋਰਟ ਦੀ ਕਾਪੀ (ਇਕ ਐਮ ਬੀ ਵਿਚ) ਅਪਲੋਡ ਕਰਨੀ ਹੋਵੇਗੀ ।
ਉਨ੍ਹਾਂ ਇਹ ਦੱਸਿਆ ਕਿ ਇਸ ਸਕੀਮ ਵਿਚ ਕਰਜ਼ਾ ਲੈ ਕੇ ਦੁਬਾਰਾ ਪੀਐਮਈਜੀਪੀ-2 ਸਕੀਮ ਵਿਚ ਫਿਰ ਕਰਜ਼ਾ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸਰਵਿਸ ਇਕਾਈ ਵਾਸਤੇ ਵੱਧ ਤੋਂ ਵੱਧ 10 ਲੱਖ ਅਤੇ ਉੱਤਪਾਦਨ ਇਕਾਈ ਵਾਸਤੇ ਵੱਧ ਤੋਂ ਵੱਧ 25 ਲੱਖ ਕਰਜ਼ਾ ਲਿਆ ਜਾ ਸਕਦਾ ਹੈ।
ਸ਼੍ਰੀ ਸਿੰਘ ਨੇ ਕਿਹਾ ਕਿ ਇਸ ਸਕੀਮ ਤਹਿਤ ਅਪਲਾਈ ਕਰਨ ਲਈ ਪ੍ਰਾਰਥੀਆਂ ਨੂੰ ਕਿਸੇ ਪ੍ਰਾਈਵੇਟ ਏਜੰਟ ਪਾਸ ਜਾਣ ਦੀ ਲੋੜ ਨਹੀਂ ਹੈ ਸਗੋਂ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਦੇ ਮਾਧਿਅਮ ਰਾਹੀਂ ਵੀ ਇਸ ਸਕੀਮ ਤਹਿਤ ਮੁਫ਼ਤ ਅਪਲਾਈ ਕਰ ਸਕਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਵਿਖੇ ਪਹੁੰਚ ਕਰ ਸਕਦੇ ਹਨ ਜਾਂ ਬਿਊਰੋ ਦੇ ਹੈਲਪਲਾਈਨ ਨੰ. 90569-20100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।
ਇਸ ਮੌਕੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਜਲੰਧਰ, ਲੀਡ ਜ਼ਿਲ੍ਹਾ ਮੈਨੇਜਰ, ਜਲੰਧਰ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਵੀ ਮੌਜੂਦ ਸਨ।
