ਜਲੰਧਰ, 3 ਸਤੰਬਰ ( ਨਿਊਜ਼ ਹੰਟ )- ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਅਤੇ ਚੋਣਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਵਧੀਕ ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ-ਕਮ-ਈ.ਆਰ.ਓ. ਵਿਧਾਨ ਸਭਾ ਹਲਕਾ 36-ਜਲੰਧਰ ਉੱਤਰੀ ਸ੍ਰੀਮਤੀ ਅਨੁਪਮ ਕਲੇਰ ਨੇ ਅੱਜ ਜੋਤੀ ਪਬਲਿਕ ਸਕੂਲ ਤੋਂ ਇਕ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ।
ਇਸ ਮੌਕੇ ਵਧੀਕ ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਵਿਦਿਆਰਥੀ ਖਾਸ ਕਰ ਕੇ ਨੌਜਵਾਨ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਾਈਕਲ ਰੈਲੀ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸਵੀਪ’ ਪ੍ਰੋਗਰਾਮ ਤਹਿਤ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਹਿੱਸਾ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਅਜਿਹੀਆਂ ਗਤੀਵਿਧੀਆਂ ਲੋਕਾਂ ਖਾਸ ਕਰ ਕੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਣਾਲੀ ਵਿੱਚ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਪ੍ਰਤੀ ਜਾਗਰੂਕ ਕਰਨ ਵਿੱਚ ਸਹਾਇਕ ਸਾਬਤ ਹੋਣਗੀਆਂ।
ਸ਼੍ਰੀਮਤੀ ਕਲੇਰ ਨੇ ਅੱਗੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਣਾਲੀ ਦਾ ਸਰਗਰਮ ਹਿੱਸਾ ਬਣਨ ਲਈ ਜਾਗਰੂਕ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਅਤੇ ਇਸ ਵਿੱਚ 18 ਸਾਲ ਦੀ ਉਮਰ ਵਾਲਿਆਂ ਦੀ ਵੱਧ ਵੱਸੋਂ ਹੈ, ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਨੌਜਵਾਨਾਂ ਨੂੰ ਵੋਟਰ ਵਜੋਂ ਵੱਧ ਤੋਂ ਵੱਧ ਰਜਿਸਟਰਡ ਕੀਤਾ ਜਾਵੇ ਤਾਂ ਜੋ ਇਕ ਨਵੇਂ ਤੇ ਪ੍ਰਗਤੀਸ਼ੀਲ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਭ ਲਈ ਮੁੱਢਲੀ ਜ਼ਰੂਰਤ ਇਹ ਹੈ ਕਿ ਨੌਜਵਾਨ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ-ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰਵਾਉਣ ਲਈ ਅੱਗੇ ਆਉਣ।