ਹੁਸ਼ਿਆਰਪੁਰ, 18 ਫਰਵਰੀ (ਨਿਊਜ਼ ਹੰਟ)- ਵਿਧਾਨ ਸਭਾ ਚੋਣਾਂ-2022 ਵਿਚ ਜ਼ਿਲ੍ਹੇ ਦੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਦੀ ਅਗਵਾਈ ਵਿਚ ਜ਼ਿਲ੍ਹੇ ਵਿਚ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਵਿਸ਼ੇਸ਼ ਪਹਿਲ ਕਰਦੇ ਹੋਏ ਅੱਜ ਦੁਸਹਿਰਾ ਗਰਾਉਂਡ ਹੁਸ਼ਿਆਰਪੁਰ ਵਿਚ ਸ਼ਾਮ ਨੂੰ ਜ਼ਿਲ੍ਹਾ ਚੋਣ ਅਫ਼ਸਰ ਦੇ ਨਾਲ-ਨਾਲ ਜ਼ਿਲ੍ਹੇ ਦੇ ਨੌਜਵਾਨਾਂ ਵਲੋਂ ਵੋਟ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਸਕਾਈ ਸ਼ਾਟ ਤੇ ਸਕਾਈ ਲਾਲਟੈਨ ਅਸਮਾਨ ਵਿਚ ਛੱਡੇ ਗਏ। ਜ਼ਿਲ੍ਹਾ ਚੋਣ ਅਫ਼ਸਰ ਨੇ ਸਕਾਈ ਲਾਲਟੈਨ ਛੱਡਦੇ ਹੋਏ ਸਾਰੇ ਵੋਟਰਾਂ ਨੂੰ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਦੇ ਅਧਿਕਾਰ ਦਾ ਸਹੀ ਪ੍ਰਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟ ਸਾਡਾ ਅਧਿਕਾਰ ਅਤੇ ਜ਼ਿੰਮੇਵਾਰੀ ਹੈ, ਜਿਸ ਦਾ ਹਰ ਵੋਟਰ ਨੂੰ ਸਹੀ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਉਪਰਾਲੇ ਦਾ ਉਦੇਸ਼ ਲੋਕਾਂ ਵਿਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਵੋਟਰਾਂ ਨੂੰ ਵੋਟ ਪਾਉਣ ਦਾ ਸੰਦੇਸ਼ ਦੇਣ ਲਈ ਜ਼ਿਲ੍ਹੇ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਸ਼ੇਸ਼ ਗਤੀਵਿਧੀਆਂ ਨਾਲ ਵੋਟਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਵਿਚ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਜੈਕਟ ਵਿਸ਼ੇਸ਼ ਤੌਰ ’ਤੇ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਪੇ੍ਰਰਿਤ ਕਰਨ ਲਈ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਮਹਿਲਾ, ਬਜ਼ੁਰਗ, ਪੀ.ਡਬਲਯੂ.ਡੀ. ਤੇ ਨੌਜਵਾਨ ਵੋਟਰਾਂ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਸਵੀਪ ਤਹਿਤ ਕਰਵਾਈ ਜਾਣ ਵਾਲੀਆਂ ਇਨ੍ਹਾਂ ਗਤੀਵਿਧੀਆਂ ਨਾਲ ਵੋਟਰਾਂ ਦਾ ਉਤਸ਼ਾਹ ਵੱਧਦਾ ਹੈ ਅਤੇ ਉਨ੍ਹਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਅੱਜ ਕਰਵਾਏ ਗਏ ਜਾਗਰੂਕਤਾ ਅਭਿਆਨ ਵਿਚ ਸੈਂਕੜੇ ਨੌਜਵਾਨ ਵੋਟਰਾਂ ਨੇ ਹਿੱਸਾ ਲੈ ਕੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਅਦਿਤਿਆ ਮਦਾਨ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਲੈਕਚਰਾਰ ਸੰਦੀਪ ਸੂਦ ਅਤੇ ਚੰਦਰ ਪ੍ਰਕਾਸ਼ ਸਿੰਘ ਵੀ ਮੌਜੂਦ ਸਨ।