ਹੁਸ਼ਿਆਰਪੁਰ, 14 ਜੂਨ ( ਨਿਊਜ਼ ਹੰਟ ) : ਡੀ.ਜੀ.ਪੀ ਦਿਨਕਰ ਗੁਪਤਾ ਦੇ ਨਿਰਦੇਸ਼ਾਂ ’ਤੇ ਸੂਬੇ ਭਰ ਵਿੱਚ ਨਸ਼ੇ ਅਤੇ ਨਜ਼ਾਇਜ਼ ਸ਼ਰਾਬ ਦੇ ਖਿਲਾਫ ਮੁਹਿੰਮ ਤਹਿਤ ਅੱਜ ਹੁਸ਼ਿਆਰਪੁਰ ਪੁਲਿਸ ਨੇ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ਦੇ ਲਈ ਜ਼ਿਲ੍ਹੇ ਭਰ ਵਿੱਚ ਕੋਰਡਨ ਐਂਡ ਸਰਚ ਅਪ੍ਰੇਸ਼ਨ (ਸੀ.ਏ.ਐਸ.ਓ) ਚਲਾਇਆ। ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਗਈ ਤਲਾਸ਼ੀ ਤਹਿਤ ਪੁਲਿਸ ਟੀਮਾਂ ਨੇ ਆਰੋਪੀਆਂ ਤੋਂ ਨਜ਼ਾਇਜ਼ ਸ਼ਰਾਬ, ਹੈਰੋਈਨ, ਨਸ਼ੀਲਾ ਪਾਊਡਰ ਅਤੇ 9.4 ਲੱਖ ਰੁਪਏ ਦੀ ਡਰੱਗ ਮਨਹੀ ਬਰਾਮਦ ਕੀਤੀ।
ਇਸ ਮੁਹਿੰਮ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਪਿੰਡ ਚੱਕ ਰੌਟਾ, ਸਦੂਹਾ ਦੇ ਪਿੰਡ ਹਾਰਟਾ, ਜਲੋਟਾ, ਤਲਵਾੜਾ ਦੇ ਪਿੰਡ ਸੰਦਪੁਰ ਅਤੇ ਹਾਜੀਪੁਰ ਦੇ ਪਿੰਡ ਘਸੀਟਪੁਰ ਤੁਰਾਂ ਵਿੱਚ ਮੁਹਿੰਮ ਚਲਾਈ ਗਈ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿੱਚ ਵੀ ਹੋਟਸਪਾਟ ਦੀ ਪਹਿਚਾਣ ਕੀਤੀ ਗਈ ਅਤੇ ਹੁਸ਼ਿਆਰਪੁਰ ਦੇ ਵਾਲਮੀਕ ਮੁਹੱਲਾ ਅਤੇ ਟਾਂਡਾ ਦੇ ਚੰਡੀਗੜ੍ਹ ਕਲੋਨੀ ਵਿੱਚ ਸੀ.ਏ.ਐਸ.ਓ ਮੁਹਿੰਮ ਚਲਾਈ ਗਈ। ਮਾਹਲ ਨੇ ਦੱਸਿਆ ਕਿ ਕਾਰਵਾਈ ਦੌਰਾਨ 39 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ 8 ਮਾਮਲੇ ਐਨ.ਡੀ.ਪੀ.ਐਸ ਅਤੇ ਆਬਕਾਰੀ ਐਕਟ ਤਹਿਤ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ 2,07,00 ਮਿਲੀਲੀਟਰ ਨਜ਼ਾਇਜ਼ ਸ਼ਰਾਬ, 185 ਗ੍ਰਾਮ ਹੈਰੋਈਨ, 286 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਮੁਲਜ਼ਮਾਂ ਤੋਂ 9.4 ਲੱਖ ਰੁਪਏ ਦੀ ਡਰੱਗ ਮਨੀ, 2 ਐਕਸ.ਯੂ.ਵੀ, ਇਕ ਆਈ-20, ਇਕ ਹੌਂਡਾ ਸਿਟੀ ਸਹਿਤ ਚਾਰ ਵਾਹਨ ਬਰਾਮਦ ਕੀਤੇ ਗਏ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀ ਅਚਨਚੇਤ ਮੁਹਿੰਮ ਜਾਰੀ ਰਹੇਗੀ ਤਾਂ ਜੋ ਨਜ਼ਾਇਜ ਡਰੱਗ ਅਤੇ ਸ਼ਰਾਬ ਦੇ ਖਤਰੇ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਸ-ਪਾਸ ਇਸ ਤਰ੍ਹਾਂ ਦੀਆਂ ਗਲਤ ਗਤੀਵਿਧੀਆਂ ਦੇ ਬਾਰੇ ਵਿੱਚ ਪੁਲਿਸ ਨੂੰ ਸੂਚਿਤ ਕਰਨ ਦੇ ਲਈ ਅੱਗੇ ਆਉਣ ਤਾਂ ਜੋ ਪੁਲਿਸ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਤਸਕਰਾਂ ਦੇ ਖਿਲਾਫ ਤੁਰੰਤ ਕਾਰਵਾਈ ਕਰ ਸਕੇ।
ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਨਰਿੰਦਰ ਕੁਮਾਰ ਉਰਫ ਨਿੰਦਰ ਵਾਸੀ ਚੱਕ ਰੌਟਾ, ਵਿਕਾਸ ਉਰਫ ਵਿੱਕੀ ਵਾਸੀ ਬੀਨੇਵਾਲ ਗੜ੍ਹਸ਼ੰਕਰ, ਬਲਜਿੰਦਰ ਸਿੰਘ ਵਾਸੀ ਚੱਬੇਵਾਲ, ਸੌਰਵ ਕੁਮਾਰ ਅਤੇ ਵਿਕਰਮ ਉਰਫ ਵਿੱਕੀ ਦੋਵੇਂ ਵਾਸੀ ਵਾਲਮੀਕ ਮੁਹੱਲਾ ਹੁਸ਼ਿਆਰਪੁਰ ਦੇ ਤੌਰ ’ਤੇ ਹੋਈ ਹੈ।