ਹੁਸ਼ਿਆਰਪੁਰ, 18 ਜਨਵਰੀ (ਨਿਊਜ਼ ਹੰਟ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਸਬੰਧੀ ਹਰ ਸ਼ਿਕਾਇਤ ਦਾ ਨਿਪਟਾਰਾ ਸਮਾਂਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ, ਜਿਸ ਲਈ ਸਿਖਲਾਈ ਪ੍ਰਾਪਤ ਸਟਾਫ਼ ਬਕਾਇਦਾ ਆਪਣਾ ਕੰਮ ਨਿਰਪੱਖ ਢੰਗ ਨਾਲ ਕਰ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੀ-ਵਿਜ਼ਲ ਜੋ ਕਿ ਇੱਕ ਐਂਡਰੌਇਡ ਪਲੇਟਫਾਰਮ ਆਧਾਰਿਤ ਔਨਲਾਈਨ ਸ਼ਿਕਾਇਤ ਪ੍ਰਣਾਲੀ ਹੈ ਅਤੇ ਇਸ ਰਾਹੀਂ ਪ੍ਰਾਪਤ ਹੋਈਆਂ 144 ਸ਼ਿਕਾਇਤਾਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੀ-ਵਿਜ਼ਲ ‘ਤੇ ਆਉਣ ਵਾਲੀ ਸ਼ਿਕਾਇਤ ਮਿਲਣ ਦੇ ਪੰਜ ਮਿੰਟਾਂ ਦੇ ਅੰਦਰ ਹੀ ਫਲਾਇੰਗ ਸਕੁਐਡ ਟੀਮ ਨੂੰ ਸੌਂਪ ਦਿੱਤੀ ਜਾਂਦੀ ਹੈਅਤੇ ਟੀਮ 15 ਮਿੰਟਾਂ ਵਿੱਚ ਸਬੰਧਤ ਸਥਾਨ ’ਤੇ ਪਹੁੰਚ ਜਾਂਦੀ ਹੈ। ਉਸ ਤੋਂ ਬਾਅਦ ਉਸ ਸ਼ਿਕਾਇਤ ਦੇ ਤੱਥ, ਉਸ ਦੇ ਸਹੀ-ਗ਼ਲਤ ਦੀ ਜਾਂਚ ਕਰਕੇ ਅਗਲੀ ਕਾਰਵਾਈ ਲਈ ਸਬੰਧਤ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ ਨੂੰ ਭੇਜ ਦਿੱਤੀ ਜਾਂਦੀ ਹੈ।
ਰਿਟਰਨਿੰਗ ਅਫਸਰ ਆਪਣੀ ਤਰਫੋਂ ਕਾਰਵਾਈ ਕਰਨ ਤੋਂ ਬਾਅਦ ਅਗਲੇ 50 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ, ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸ਼ਿਕਾਇਤ ਦਾ ਨਿਪਟਾਰਾ ਸਿਰਫ਼ 100 ਮਿੰਟਾਂ ਵਿੱਚ ਕੀਤਾ ਜਾਵੇ। ਜ਼ਿਲ੍ਹੇ ਵਿੱਚ ਸੀ-ਵਿਜ਼ਲ ‘ਤੇ ਹੁਣ ਤੱਕ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਘੱਟੋ-ਘੱਟ 18 ਮਿੰਟ 3 ਸੈਕਿੰਡ ਅਤੇ ਵੱਧ ਤੋਂ ਵੱਧ 54 ਮਿੰਟ 30 ਸੈਕਿੰਡ ਵਿੱਚ ਕੀਤਾ ਗਿਆ ਹੈ ਅਤੇ ਜੇਕਰ ਸਾਰੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਅਨੁਪਾਤ ਸਮੇਂ ਦੀ ਗੱਲ ਕਰੀਏ ਤਾਂ ਉਹ 24 ਮਿੰਟ 27 ਸੈਕਿੰਡ ਹਨ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਅਨੁਸਾਰ ਜ਼ਿਲ੍ਹਾ ਪੱਧਰ ‘ਤੇ ਚੱਲ ਰਿਹਾ ਸ਼ਿਕਾਇਤ ਨਿਵਾਰਨ ਸੈੱਲ ਦਿਨ-ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਪ੍ਰਾਪਤ ਹੋਈ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈ ਕੇ ਸਬੰਧਤ ਰਿਟਰਨਿੰਗ ਅਫ਼ਸਰ ਨੂੰ ਭੇਜੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੀ-ਵਿਜ਼ਲ ਤੋਂ ਇਲਾਵਾ ਉਹ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਂਚ ਦੇ ਨਾਲ-ਨਾਲ ਸ਼ਿਕਾਇਤਾਂ ਦਰਜ ਕਰਨ ਦਾ ਕੰਮ ਵੀ ਕਰ ਰਹੇ ਹਨ। ਹੁਣ ਤੱਕ ਵੱਖ-ਵੱਖ ਮਾਧਿਅਮ ਰਾਹੀਂ ਪ੍ਰਾਪਤ ਹੋਈਆਂ 28 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਦੇ ਨਾਲ ਹੀ ਚੋਣਾਂ ਸਬੰਧੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਇਸ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚੋਣਾਂ ਨੂੰ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।