ਜਲੰਧਰ, 11 ਜੂਨ ( ਨਿਊਜ਼ ਹੰਟ ) :
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਰਿੰਦਰ ਚੌਧਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ. ਨਵੀਨ ਸਿੰਗਲਾ ਵੱਲੋਂ ਸ਼ੁੱਕਰਵਾਰ ਨੂੰ ਐਡਵੋਕੇਟ ਅਤੇ ਲੇਖਕ ਹਰਪ੍ਰੀਤ ਸੰਧੂ ਦੁਆਰਾ ਸੰਕਲਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ ਨੂੰ ਦਰਸਾਉਂਦੀ ਕਾਫੀ ਟੇਬਲ ਬੁੱਕ ਦਾ ਅੰਕ ਲਾਂਚ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਿਤਾਬ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐਸ. ਐਸ. ਮਰਵਾਹਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਮੈਂਬਰ ਪਾਰਲੀਮੈਂਟ ਨੇ ਕਾਫੀ ਟੇਬਲ ਬੁੱਕ ਨੂੰ ਬੇਹੱਦ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਇਸ ਕਾਫੀ ਟੇਬਲ ਬੁੱਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦੀ ਉਨ੍ਹਾਂ ਦੀ ਪਵਿੱਤਰ ਯਾਤਰਾ ਨੂੰ ਗੁਰਦੁਆਰਾ ਗੁਰੂ ਕਾ ਮਹਿਲ (ਅੰਮ੍ਰਿਤਸਰ), ਗੁਰਦੁਆਰਾ ਵਿਆਹ ਅਸਥਾਨ (ਕਰਤਾਰਪੁਰ, ਜ਼ਿਲ੍ਹਾ ਜਲੰਧਰ) ਗੁਰਦੁਆਰਾ ਭੋਰਾ ਸਾਹਿਬ (ਬਾਬਾ ਬਕਾਲਾ) ਤੋਂ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਦੀਆਂ ਰੰਗੀਨ ਤਸਵੀਰਾਂ ਦੇ ਮਾਧਿਅਮ ਰਾਹੀਂ ਦਰਸਾਇਆ ਗਿਆ ਹੈ।
ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਹਰਪ੍ਰੀਤ ਸੰਧੂ ਵੱਲੋਂ ਫੋਟੋਗ੍ਰਾਫੀ ਅਤੇ ਦਸਤਾਵੇਜ਼ੀ ਪ੍ਰੋਗਰਾਮਾਂ ਲਈ ਆਪਣੇ ਜਨੂੰਨ ਰਾਹੀਂ ਸਮਾਜ ਨੂੰ ਸਾਡੇ ਮਹਾਨ ਗੁਰੂ ਜੀ ਦੇ ਨਕਸ਼-ਏ-ਕਦਮਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਐਡਵੋਕੇਟ ਹਰਪ੍ਰੀਤ ਸੰਧੂ, ਜੋ ਇਸ ਕਾਫੀ ਟੇਬਲ ਬੁੱਕ ਦੇ ਲੇਖਕ ਹਨ, ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਫਲਸਫਾ ਅਜੋਕੇ ਸਮੇਂ ਵਿੱਚ ਵੀ ਸਾਰਥਕ ਹੈ।
ਚੌਧਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ, ਜਿਨ੍ਹਾਂ ਨਿਰਸਵਾਰਥ ਹੋ ਕੇ ਸਮਾਜ ਦੀ ਸੇਵਾ ਕੀਤੀ ਅਤੇ ਸ਼ਾਂਤੀ ਤੇ ਵਿਸ਼ਵ ਭਾਈਚਾਰੇ ਦੇ ਸੰਦੇਸ਼ ਦਿੱਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਾਫੀ ਟੇਬਲ ਬੁੱਕ ਨੂੰ ਦੇਖਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਨੂੰ ਦ੍ਰਿਸ਼ਾਂ ਰਾਹੀਂ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ।ਉਨ੍ਹਾਂ ਕਿਹਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਅਜਿਹੀਆਂ ਕੋਸ਼ਿਸ਼ਾਂ ਸਮੇਂ ਦੀ ਲੋੜ ਹਨ।
ਇਸ ਮੌਕੇ ਐਡਵੋਕੇਟ ਹਰਪ੍ਰੀਤ ਸੰਧੂ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ ਨਾਲ ਸਬੰਧਤ ਗੁਰਦੁਆਰਿਆਂ, ਜਿਥੇ ਨੌਂਵੇਂ ਸਿੱਖ ਗੁਰੂ ਜੀ ਵੱਲੋਂ ਆਪਣੇ ਚਰਨ ਪਾਏ ਗਏ ਅਤੇ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਨੂੰ ਪੇਸ਼ ਕਰਨ ਦੇ ਇਕਮਾਤਰ ਉਦੇਸ਼ ਨਾਲ ਉਨ੍ਹਾਂ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੇ ਮਾਰਗ ਦਰਸ਼ਨ ਵਿੱਚ ਇਹ ਕਿਤਾਬ ਲਿਖੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ, ਯੂਥ ਕਾਂਗਰਸ ਦੇ ਆਗੂ ਅੰਗਦ ਦੱਤਾ ਅਤੇ ਪੀਪੀਸੀਬੀ ਦੇ ਅਧਿਕਾਰੀ ਮੌਜੂਦ ਸਨ।