ਹੁਸ਼ਿਆਰਪੁਰ, 02 ਜੁਲਾਈ 2021 ( ਨਿਊਜ਼ ਹੰਟ ) :
ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਜੁਲਾਈ ਨੂੰ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਰਜੋਤ ਭੱਟੀ ਦੀ ਅਗਵਾਈ ਵਿੱਚ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਸਿਵਲ ਮਾਮਲੇ, ਰੈਂਟ ਮਾਮਲੇ, ਐਮ.ਏ.ਸੀ.ਟੀ, ਕ੍ਰਿਮੀਨਲ ਕੰਪਾਊਂਡਏਬਲ ਮਾਮਲੇ, ਰੈਵੀਨਿਊ ਮਾਮਲੇ, 138 ਨੈਗੋਸ਼ੀਏਬਲ ਇੰਸਟੂਮੈਂਟ ਐਕਟ, ਫੈਮਿਲੀ ਮੈਟਰ, ਲੇਬਰ ਮੈਟਰਸ, ਬੈਂਕ ਮਾਮਲੇ, ਟੈਲੀਕਾਮ ਕੰਪਨੀਜ਼, ਬਿਜਲੀ ਅਤੇ ਪਾਣੀ ਬਿੱਲ (ਐਕਸਕਲਿਊਯੂਡਿੰਗ ਨਾਨ-ਕੰਪਾਊਂਡਏਬਲ), ਪੀ.ਯੂ.ਐਸ ਮਾਮਲੇ, ਟਰੈਫਿਕ ਚਲਾਨ ਅਤੇ ਹੋਰ ਮਾਮਲਿਆਂ ਦਾ ਨਿਪਟਾਰਾ ਕਰਵਾਉਣ ਸਬੰਧੀ ਕੇਸ ਤੋਂ ਇਲਾਵਾ ਕਚਹਿਰੀ ਵਿੱਚ ਪੈਂਡਿੰਗ ਅਤੇ ਪ੍ਰੀ-ਲਿਟੀਗੇਟਿਵ ਮਾਮਲੇ ਵੀ ਨਿਪਟਾਰੇ ਦੇ ਲਈ ਰੱਖੇ ਜਾ ਸਕਦੇ ਹਨ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕੇਸ ਲੋਕ ਅਦਾਲਤ ਵਿੱਚ ਲਗਾਏ ਜਾਣ ਕਿਉਂਕਿ ਇਸ ਵਿੱਚ ਸਮੇਂ ਅਤੇ ਧੰਨ ਦੋਵਾਂ ਦੀ ਬਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦੇ ਫੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ ਅਤੇ ਲੋਕ ਅਦਾਲਤ ਵਿੱਚ ਕੇਸ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਇਸਦੀ ਕੋਈ ਅਪੀਲ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਫੈਸਲਾ ਹੋਣ ਤੋਂ ਬਾਅਦ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਸ ਮਿਲ ਜਾਂਦੀ ਹੈ। ਇਸ ਲਈ ਲੋਕ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਇਨ੍ਹਾਂ ਲੋਕ ਅਦਾਲਤਾਂ ਰਾਹੀਂ ਕਰਵਾ ਕੇ ਲਾਭ ਪ੍ਰਾਪਤ ਕਰਨ।
ਲੋਕ ਅਦਾਲਤ ਵਿੱਚ ਕੇਸ ਲਗਾਉਣ ਸਬੰਧੀ ਪ੍ਰਕ੍ਰਿਆ ਦੇ ਬਾਰੇ ਵਿੱਚ ਦੱਸਦੇ ਹੋਏ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਲਈ ਲੋਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਦਫ਼ਤਰ ਜਾਂ ਜਿਸ ਕੋਰਟ ਵਿੱਚ ਉਨ੍ਹਾਂ ਦਾ ਕੇਸ ਚੱਲ ਰਿਹਾ ਹੈ ਉਥੇ ਬਿਨੈਪੱਤਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਕਾਨੂੰਨੀ ਜਾਣਕਾਰੀ ਦੇ ਲਈ ਟੋਲ ਫਰੀ ਨੰਬਰ 1968 ’ਤੇ ਸੰਪਰਕ ਕੀਤਾ ਜਾ ਸਕਦਾ ਹੈ।