ਪਟਿਆਲਾ, 25 ਮਈ: ( ਨਿਊਜ਼ ਹੰਟ )
ਅੱਜ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਮਾਹਰ ਡਾਕਟਰਾਂ ਨੇ ਇੱਕ ਵੱਡਾ ਮਾਅਰਕਾ ਮਾਰਦਿਆਂ ਬਲੈਕ ਫੰਗਸ ਦੇ ਪੋਸਟ ਕੋਵਿਡ ਮਰੀਜ ਦਾ ਦੂਰਬੀਨ ਨਾਲ ਸਫ਼ਲ ਆਪਰੇਸ਼ਨ ਕੀਤਾ। ਇਸ ਦੌਰਾਨ ਮਰੀਜ ਦੀ ਅੱਖ ਦੇ ਆਲੇ-ਦੁਆਲਿਓਂ ਬਲੈਕ ਫੰਗਸ ਨੂੰ ਸਾਫ ਕਰਕੇ ਅੱਖ ਨੂੰ ਬਚਾਇਆ ਗਿਆ।ਇਹ ਆਪਰੇਸ਼ਨ ਈ.ਐਨ.ਟੀ. ਵਿਭਾਗ ਦੇ ਮਾਹਰ ਡਾਕਟਰਾਂ, ਡਾ. ਸੰਜੀਵ ਭਗਤ, ਡਾ. ਦਿਨੇਸ਼ ਕੁਮਾਰ ਸ਼ਰਮਾ, ਡਾ. ਵਿਸ਼ਵ ਯਾਦਵ ਅਤੇ ਐਨਸਥੀਜੀਆ ਵਿਭਾਗ ਦੇ ਮਾਹਰ ਡਾਕਟਰਾਂ ਦੀ ਦੇਖ-ਰੇਖ ਵਿੱਚ ਹੋਇਆ।
ਇਸ ਬਾਰੇ ਚਾਨਣਾ ਜਾਣਕਾਰੀ ਦਿੰਦਿਆਂ ਈ.ਐਨ.ਟੀ. ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸੰਜੀਵ ਭਗਤ ਨੇ ਦੱਸਿਆ ਕਿ ਬਲੈਕ ਫੰਗਸ ਤੋਂ ਅੱਖ ਅਤੇ ਆਲੇ-ਦੁਆਲੇ ਦੇ ਦੂਜੇ ਹਿੱਸਿਆਂ ਨੂੰ ਬਚਾਉਣ ਲਈ ਇਸ ਨੂੰ ਜਲਦੀ ਪਛਾਣ ਕੇ ਜਲਦੀ ਆਪਰੇਸ਼ਨ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਪਰੇਸ਼ਨ ਕਰਕੇ ਬਲੈਕ ਫੰਗਸ ਤੋਂ ਗਲੇ ਹੋਏ ਮਾਸ ਨੂੰ ਕੱਢ ਨਾ ਦਿੱਤਾ ਜਾਵੇ ਉੱਦੋਂ ਤੱਕ ਦਵਾਈਆਂ ਵੀ ਅਸਰ ਨਹੀਂ ਕਰਦੀਆਂ।ਉਨ੍ਹਾਂ ਕਿਹਾ ਕਿ ਇਸ ਵਾਸਤੇ ਆਪਰੇਸ਼ਨ ਦੇ ਨਾਲ ਐਂਫੋਟ੍ਰਿਸੀਨ-ਬੀ ਦਿੱਤੀ ਜਾਂਦੀ ਹੈ।
ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਵੇਲੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਬਲੈਕ ਫੰਗਸ ਦੇ ਪੰਜ ਮਰੀਜ ਇਲਾਜ਼ ਅਧੀਨ ਹਨ।ਜਿਨ੍ਹਾਂ ਵਿੱਚੋਂ ਪਹਿਲੇ ਕੇਸ ਦਾ ਆਪਰੇਸ਼ਨ ਕੀਤਾ ਜਾ ਚੁੱਕਿਆ ਹੈ ਅਤੇ ਦੂਜੇ ਕੇਸ ਦਾ ਆਪਰੇਸ਼ਨ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਬਾਕੀ ਮਰੀਜਾਂ ਉੱਤੇ ਮਾਹਰ ਡਾਕਟਰਾਂ ਦੇ ਪੈਨਲ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਦੋਂ ਵੀ ਜਰੂਰਤ ਹੋਵੇਗੀ ਉਹਨਾਂ ਦਾ ਵੀ ਆਪਰੇਸ਼ਨ ਸਰਜਰੀ ਕੀਤਾ ਜਾਵੇਗਾ। ਡਾ. ਸਿੰਗਲਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਡਾਕਟਰ ਅਤੇ ਨਰਸਿੰਗ ਅਮਲੇ ਸਮੇਤ ਹੋਰ ਅਮਲਾ ਕੋਵਿਡ ਅਤੇ ਪੋਸਟ ਕੋਵਿਡ ਮਰੀਜਾਂ ਦੀ ਸੰਭਾਲ ਅਤੇ ਬਿਹਤਰਾ ਇਲਾਜ ਲਈ ਨਿਰੰਤਰ ਯਤਨਸ਼ੀਲ ਹੈ।