-600 ਸਕੂਲ ਅਧਿਆਪਕਾਂ ਤੋਂ ਇਲਾਵਾ ਜ਼ਿਲ੍ਹੇ ਦੇ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਨੇ ਕੀਤੀ ਸ਼ਿਰਕਤ
ਹੁਸ਼ਿਆਰਪੁਰ, 29 ਫਰਵਰੀ :
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਿਆਤ ਬਾਹਰਾ ਕਾਲਜ ਹੁਸ਼ਿਆਰਪੁਰ ਵਿਖੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਇਕ ਵਿਸ਼ਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਦੋ ਰੋਜ਼ਾ ਸਮਾਗਮ ਵਿਚ 600 ਸਕੂਲ ਅਧਿਆਪਕਾਂ ਅਤੇ ਜ਼ਿਲ੍ਹੇ ਦੇ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਵੱਲੋਂ ਹਿੱਸਾ ਲਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਵਿਚ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿੱਦੀਕੀ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਸਮਾਗਮ ਦਾ ਮੁੱਖ ਮੰਤਵ ਜ਼ਿਲ੍ਹੇ ਵਿਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਨੂੰ ਵੱਧ ਤੋਂ ਵੱਧ ਸਕੂਲ ਅਧਿਆਪਕਾਂ ਅਤੇ ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਤੱਕ ਪਹੁੰਚਾਉਣਾ ਹੈ, ਤਾਂ ਜੋ ਇਹ ਅੱਗੇ ਜਾ ਕੇ ਵਿਦਿਆਰਥੀਆਂ ਨੂੰ ਸੁਨੇਹਾ ਦੇ ਸਕਣ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਦੀ ਮਹੱਤਤਾ ਦੱਸਦਿਆਂ ‘ਪੋਸ਼ ਐਕਟ’ ਅਤੇ ਘਰੇਲੂ ਹਿੰਸਾ ਤੇ ਬਾਲ ਸੁਰੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਰਿਸੋਰਸ ਪਰਸਨ ਬਾਲ ਪ੍ਰੋਜੈਕਟ ਅਫ਼ਸਰ ਹੁਸ਼ਿਆਰਪੁਰ-2 ਦਇਆ ਰਾਣੀ ਨੇ ਸੈਕਸ ਰੇਸ਼ੋ ਅਤੇ ਐਡਵਰਸ ਸੈਕਸ ਰੇਸ਼ੋ ਨੂੰ ਸੁਧਾਰਨ ਅਤੇ ਸਕੂਲ ਅਧਿਆਪਕਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਰਿਸੋਰਸ ਪਰਸਨ ਮਿਡਲ ਲੈਵਲ ਟ੍ਰੇਨਿੰਗ ਸੈਂਟਰ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਸੀਮਾ ਸ਼ਰਮਾ ਵੱਲੋਂ ਬਤੌਰ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ ਗਈ। ਪ੍ਰਿੰਸੀਪਲ ਸੀਮਾ ਸ਼ਰਮਾ ਨੇ ਕਿਸ਼ੋਰ ਅਵਸਥਾ ਵਿਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਡਾਈਟ ਦੇ ਨਾਲ-ਨਾਲ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਰੈਸਪੀਜ਼ ਤੋਂ ਇਲਾਵਾ ਅਨੀਮੀਆ ਤੋਂ ਬਚਾਅ, ਮਹਾਵਾਰੀ ਮੈਨੇਜਮੈਂਟ, ਮਹਾਵਾਰੀ ਦੌਰਾਨ ਰੱਖੀ ਜਾਣ ਵਾਲੀ ਸਫ਼ਾਈ ਆਦਿ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਬਾਲ ਸੁਰੱਖਿਆ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਜੁਵੇਨਾਇਲ ਜਸਟਿਸ ਐਕਟ, ਪੋਕਸੋ ਐਕਟ, ਬਾਲ ਵਿਆਹ ਰੋਕਥਾਮ ਐਕਟ, ਬਾਲ ਮਜ਼ਦੂਰੀ ਐਕਟ, ਸਕੂਲ ਮੈਨੇਜਮੈਂਟ ਕਮੇਟੀਆਂ ਦੀ ਮਹੱਤਤਾ, ਸ਼ਿਕਾਇਤ ਬਾਕਸ, ਪੋਕਸੋ ਈ-ਬਾਕਸ, ਜ਼ਿਲ੍ਹਾ ਪੱਧਰੀ ਬਾਲ ਸੁਰੱਖਿਆ ਕਮੇਟੀਆਂ, ਬਲਾਕ ਪੱਧਰੀ ਬਾਲ ਸੁਰੱਖਿਆ ਕਮੇਟੀਆਂ, ਗੁੱਡ ਟੱਚ ਬੈਡ ਅੱਚ, ਚਾਈਲਡ ਹੈਲਪਲਾਈਨ ਨੰਬਰ 1098 ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਨ ਸਟਾਪ ਸੈਂਟਰ ਹੁਸ਼ਿਆਰਪੁਰ ਵੱਲੋਂ ਆਰਤੀ ਸ਼ਰਮਾ ਨੇ ਘਰੇਲੂ ਹਿੰਸਾ ਐਕਟ ਅਤੇ ਵਨ ਸਟਾਪ ਸੈਂਟਰ ਵੱਲੋਂ ਔਰਤਾਂ ਅਤੇ ਲੜਕੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਔਰਤਾਂ ਲਈ ਹੈਲਪਲਾਈਨ ਨੰਬਰ 1091 ਅਤੇ 181 ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮੈਨਸਟਰੂਪੀਡੀਆ ਕੌਮਿਕ ਦਾ ਪੰਜਾਬੀ ਅਨੁਵਾਦ ਵੀ ਜਾਰੀ ਕਰਕੇ ਸਮੂਹ ਅਧਿਆਪਕਾਂ ਨੂੰ ਵੰਡਿਆ ਗਿਆ, ਤਾਂ ਜੋ ਉਹ ਇਸ ਨੂੰ ਆਪਣੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਰੱਖ ਕੇ ਵਿਦਿਆਥੀਆਂ ਨੂੰ ਜਾਗਰੂਕ ਕਰ ਸਕਣ। ਇਸ ਵਿਚ ਕਿਸ਼ੋਰ ਅਵਸਥਾ ਵਿਚ ਜਾ ਰਹੇ ਬੱਚਿਆਂ ਨੂੰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਥਿਤੀ, ਰੀਪ੍ਰੋਡਕਟਿਵ ਆਰਗਨਸ, ਉਨ੍ਹਾਂ ਵਿਚ ਆਉਣ ਵਾਲੇ ਬਦਲਾਵਾਂ ਅਤੇ ਮੈਨਸਟਰੂਅਲ ਹਾਈਜੀਨ ਮੈਨੇਜਮੈਂਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।