ਹੁਸ਼ਿਆਰਪੁਰ, 26 ਜੂਨ ( ਨਿਊਜ਼ ਹੰਟ ) :
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਅਪਨੀਤ ਰਿਆਤ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਬਣੇ ਸੇਵਾ ਕੇਂਦਰ ਵਿਖੇ 18 ਤੋਂ 21 ਸਾਲ ਦੇ ਨੌਜਵਾਨਾਂ ਨੂੰ ਵੋਟ ਬਨਾਉਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ ਤਹਿਤ ਹਰ ਯੋਗ ਉਮੀਦਵਾਰ ਦੀ ਵੋਟ ਬਣਾਈ ਜਾਵੇਗੀ।
ਇਸ ਮੌਕੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵਲੋਂ ਤਿਆਰ ਕਰਵਾਈ ਗਈ ਵਿਸ਼ੇਸ਼ ਕੈਨੋਪੀ ਖਿੱਚ ਦਾ ਕੇਂਦਰ ਰਹੀ ਕਿਉਂਕਿ ਉਸ ਵਿੱਚ ਵੋਟ ਬਨਾਉਣ ਆਦਿ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਅਹਿਮ ਜਾਣਕਾਰੀਆਂ ਨੂੰ ਵਧੀਆ ਢੰਗ ਨਾਲ ਉਲੀਕਿਆ ਗਿਆ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਖੇਤਰਾਂ ਵਿੱਚ ਸਵੀਪ ਸਰਗਰਮੀਆਂ ਰਾਹੀਂ ਰਜਿਸਟਰੇਸ਼ਨ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਜਨਵਰੀ 2021 ਨੂੰ 18 ਸਾਲ ਦੀ ਉਮਰ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਹਰ ਵਿਅਕਤੀ ਨੂੰ ਆਨਲਾਈਨ ਜਾਂ ਆਫ਼ ਲਾਈਨ ਫਾਰਮ ਨੰਬਰ 1 ਭਰ ਕੇ ਆਪਣੀ ਵੋਟ ਬਨਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 28 ਜੂਨ ਨੂੰ ਪਾਸਪੋਰਟ ਦਫ਼ਤਰ ਹੁਸ਼ਿਆਰਪੁਰ, 29 ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ, 30 ਨੂੰ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਇਕ ਜੁਲਾਈ ਤੋਂ 5 ਜੁਲਾਈ ਤੱਕ ਤਹਿਸੀਲ, ਸਬ-ਤਹਿਸੀਲ ਪੱਧਰ ਦੇ ਸੇਵਾ ਕੇਂਦਰਾਂ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, 6 ਅਤੇ 13 ਜੁਲਾਈ ਨੂੰ ਉਦਯੋਗਿਕ ਇਕਾਈਆਂ, 25 ਜੁਲਾਈ ਤੋਂ 30 ਜੁਲਾਈ ਤੱਕ ਜ਼ਿਲ੍ਹੇ ਦੇ ਸਾਰੇ ਬੀ.ਡੀ.ਪੀ.ਓਜ਼, ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਦਫ਼ਤਰਾਂ ਵਿੱਚ ਇਹ ਕੈਂਪ ਲਗਾਏ ਜਾਣਗੇ।
ਇਸੇ ਲੜੀ ਤਹਿਤ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ-ਕਮ-ਚੋਣ ਰਜਿਸਟਰੇਸ਼ਨ ਅਧਿਕਾਰੀ ਉੜਮੁੜ-41 ਪੀ.ਐਸ.ਢਿਲੋਂ ਨੇ ਪਿੰਡ ਮਨਹੋਤਾ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦਾ ਮਕਸਦ ਯੋਗ ਵਿਅਕਤੀਆਂ ਦੀਆਂ ਵੋਟਾਂ ਬਨਾਉਣ ਤੋਂ ਇਲਾਵਾ ਦਰੁੱਸਤੀ ਦੇ ਫਾਰਮ ਵੀ ਲਏ ਗਏ। ਸੁਪਰਵਾਈਜ਼ਰ ਪ੍ਰਿੰਸੀਪਲ ਮਦਨ ਲਾਲ ਸ਼ਰਮਾ ਨੇ ਵੋਟਰਾਂ ਨੂੰ ਵਿਸ਼ੇਸ਼ ਤੌਰ 18 ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੋਟ ਬਨਾਉਣ ਲਈ ਜਾਗਰੂਕ ਕੀਤਾ।
