ਹੁਸ਼ਿਆਰਪੁਰ, 27 ਜੂਨ ( ਨਿਊਜ਼ ਹੰਟ ) :
ਨਸ਼ਾਖੋਰੀ ਅਤੇ ਨਸ਼ਾ ਤਸਕਰੀ ਦੇ ਖਿਲਾਫ ਜ਼ਿਲ੍ਹਾ ਪੁਲਿਸ ਵਲੋਂ ਇਕ ਜੂਨ ਤੋਂ ਵਿਸ਼ੇਸ਼ ਮੁਹਿੰਮ ਅਤੇ ਵੱਡੇ ਅਪ੍ਰੇਸ਼ਨ ਚਲਾਏ ਗਏ, ਜਿਸ ਤਹਿਤ ਜਿਥੇ ਵੱਡੇ ਪੱਧਰ ’ਤੇ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਉਥੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਇਸ ਮਹੀਨੇ ਜ਼ਿਲ੍ਹੇ ਵਿੱਚ ਸੀ.ਏ.ਐਸ.ਓ (ਕੈਸੋ) ਚਲਾਇਆ ਗਿਆ, ਇਨ੍ਹਾਂ ਸਰਚ ਅਪ੍ਰੇਸ਼ਨਾਂ ਦੌਰਾਨ ਜੂਨ ਮਹੀਨੇ ਵਿੱਚ 159 ਮੁਲਜ਼ਮ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ 139 ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੰਤਰਰਾਸ਼ਟਰੀ ਨਸ਼ਾਖੋਰੀ ਦੇ ਖਿਲਾਫ ਮਨਾਏ ਗਏ ਹਫ਼ਤੇ ਦੌਰਾਨ 95 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖਿਲਾਫ 86 ਮਾਮਲੇ ਦਰਜ ਕਰਕੇ ਉਨ੍ਹਾਂ ਤੋਂ 24 ਵਾਹਨ, 4 ਪਿਸਟਲ, 52 ਜਿੰਦਾ ਕਾਰਤੂਸ ਅਤੇ 14.2 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ-ਨਾਲ ਇਕ ਕਿਲੋ 26 ਗ੍ਰਾਮ ਹੈਰੋਇਨ, 5 ਕਿਲੋ ਨਸ਼ੀਲਾ ਪਾਊਡਰ ਅਤੇ 101 ਕਿਲੋ ਡੋਡੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿੱਚ ਨਸ਼ਾ ਤਸਕਰੀ ਦੇ ਬਰਾਮਦਸ਼ੁਦਾ ਮਾਲ ਨੂੰ ਨਸ਼ਟ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ. ਐਕਟ ਦੇ ਫੈਸਲਾਸ਼ੁਦਾ ਕੇਸਾਂ ਦੇ ਵਾਹਨਾਂ ਨੂੰ ਡਿਸਪੋਜ ਆਫ ਕਰਨ ਦੇ ਲਈ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਨੀਲਾਮੀ ਆਯੋਜਿਤ ਕੀਤੀ ਗਈ, ਇਸ ਦੌਰਾਨ 89 ਵਾਹਨਾਂ ਦੀ ਨਿਲਾਮੀ 1802900 ਰੁਪਏ ਦੀ ਕਰਵਾਈ ਗਈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਨਸ਼ੇ ਦੇ ਖਿਲਾਫ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ 123 ਐਂਟੀ ਡਰੱਗ ਸੈਮੀਨਾਰ ਅਤੇ 155 ਮੀਟਿੰਗਾਂ ਕਰਵਾਈਆਂ ਗਈਆਂ। ਨਸ਼ੇ ਦੇ ਖਿਲਾਫ ਸਬ ਡਵੀਜਨ ਪੱਧਰ ’ਤੇ ਸਮਾਗਮ ਆਯੋਜਿਤ ਕਰਕੇ ਲੋਕਾਂ ਨੂੰ ਨਸ਼ੇ ਦੇ ਖਿਲਾਫ ਸਹੁੰ ਚੁਲਾਈ ਗਈ। ਉਨ੍ਹਾਂ ਦੱਸਿਆ ਕਿ ਨਸ਼ੇ ਦੇ ਖਿਲਾਫ ਇਕਜੁੱਟਤਾ ਦਰਸਾਉਂਦੀ ਹੋਏ 25 ਕਿਲੋਮੀਟਰ ਦੀ ਸਾਈਕਲ ਰੈਲੀ ਕਰਵਾਈ ਗਈ, ਜਿਸ ਵਿੱਚ ਪੁਲਿਸ ਅਤੇ ਪਬਲਿਕ ਨੇ ਹਿੱਸਾ ਲਿਆ। ਇਸੇ ਤਰ੍ਹਾਂ ਅੱਜ ਨਸ਼ੇ ਦੇ ਖਿਲਾਫ 5 ਕਿਲੋਮੀਟਰ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 100 ਵਿਅਕਤੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਵਲੋਂ ਨਸ਼ੇ ਦੀ ਬੁਰਾਈ ਦੇ ਖਿਲਾਫ ਸ਼ਹਿਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਪੈਦਲ ਮਾਰਚ ਦਾ ਆਯੋਜਨ ਕੀਤਾ ਗਿਆ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਲ ਕਰਨ ਦੇ ਲਈ ਇਕ ਆਨਲਾਈਨ ਸਪੀਚ, ਸਕਿੱਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਮਾਨਵੀ ਬਹਿਲ ਪਹਿਲੇ, ਜਸਲੀਨ ਦੂਜੇ ਅਤੇ ਮਾਈਨਾ ਤੀਜੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ. ਐਸ ਐਕਟ ਦੇ ਮਾਮਲਿਆਂ ਦੇ ਨਸ਼ਾ ਤਸਕਰੀ ਮਾਲ ਨੂੰ ਵੱਡੀ ਮਾਤਰਾ ਵਿੱਚ ਨਸ਼ਟ ਕੀਤਾ ਗਿਆ, ਜਿਸ ਵਿੱਚ ਇਕ ਵਿਸ਼ੇਸ਼ ਕਮੇਟੀ ਵਲੋਂ ਕੁੱਲ 865 ਕੇਸਾਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ।