ਜਲੰਧਰ, 4 ਜੁਲਾਈ 2021 ( ਨਿਊਜ਼ ਹੰਟ ) :
ਇਕ ਹੋਰ ਸਫ਼ਲਤਾ ਪ੍ਰਾਪਤ ਕਰਦਿਆਂ ਜ਼ਿਲ੍ਹਾ ਜਲੰਧਰ ਨੇ ਯੋਗ ਲਾਭਪਾਤਰੀਆਂ ਨੂੰ 7,13,759 ਖੁਰਾਕਾਂ ਦੇ ਕੇ ਟੀਕਾਕਰਨ ਵਿਚ 7 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 5,77,220 ਅਤੇ 1,36,539 ਲਾਭਪਾਤਰੀਆਂ ਨੂੰ ਕੋਵਿਡ-19 ਵੈਕਸੀਨ ਦੀ ਕ੍ਰਮਵਾਰ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ । ਉਨ੍ਹਾਂ ਮੈਗਾ ਟੀਕਾਕਰਨ ਮੁਹਿੰਮ ਤਹਿਤ ਪਿਛਲੇ ਦੋ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿਚ ਲਾਭਪਾਤਰੀਆਂ ਦੇ ਟੀਕਾਕਰਨ ਲਈ ਸ਼ਨੀਵਾਰ ਨੂੰ ਲਗਭਗ 225 ਵਿਸ਼ੇਸ਼ ਮੋਬਾਈਲ ਟੀਕਾਕਰਨ ਕੈਂਪ ਲਗਾਏ ਗਏ ਸਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਾਕੀ ਖੁਰਾਕਾਂ ਦੇਣ ਲਈ ਐਤਵਾਰ ਨੂੰ ਕੁਝ ਕੈਂਪ ਵੀ ਲਗਾਏ ਗਏ। ਉਨ੍ਹਾਂ ਕਿਹਾ ਕਿ ਵੈਕਸੀਨ ਦਾ ਨਵਾਂ ਸਟਾਕ ਪ੍ਰਾਪਤ ਹੁੰਦਿਆਂ ਹੀ ਜ਼ਿਲ੍ਹੇ ਵਿੱਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਜਲੰਧਰ ਜ਼ਿਲ੍ਹੇ ਦੇ ਲੋਕਾਂ ਦਾ ਇਨ੍ਹਾਂ ਕੈਂਪਾਂ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ, ਜਿਸ ਤੋਂ ਬਿਨਾਂ ਇਹ ਪ੍ਰਾਪਤੀ ਲਗਭਗ ਅਸੰਭਵ ਸੀ। ਸ਼੍ਰੀ ਥੋਰੀ ਨੇ ਇਸ ਕਾਰਜ ਵਿੱਚ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮੁੱਚੇ ਸਿਹਤ ਸੇਵਕਾਂ ਦੀ ਪ੍ਰਸ਼ੰਸਾ ਵੀ ਕੀਤੀ।
