ਅੰਮ੍ਰਿਤਸਰ 4 ਜੁਲਾਈ 2021 ( ਨਿਊਜ਼ ਹੰਟ ) :
ਅਜੋਕੇ ਸਮੇ ਦੀ ਮੁੱਖ ਲੋੜ ਆਪਣੇ ਵਾਤਾਵਰਣ ਨੂੰ ਹਰਿਆਵਲ ਭਰਪੂਰ ਬਣਾਉਨ ਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ ਅਤੇ ਉਹ ਖੁਸ਼ਹਾਲ ਭਰਪੂਰ ਆਪਣੀ ਜਿੰਦਗੀ ਜੀ ਸਕਣ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਮੈਡੀਕਲ ਕਾਲਜ ਵਿਖੇ ਵਾਇਸ ਆਫ ਅੰਮ੍ਰਿਤਸਰ ਦੀ ਸੰਸਥਾ ਦੇ ਸਹਿਯੋਗ ਨਾਲ ਕਰੋਨਾ ਦੀ ਜੰਗ ਵਿਚ ਸ਼ਹੀਦ ਹੋਏ ਡਾਕਟਰਾਂ ਦੀ ਯਾਦ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਸਮੇ ਕੀਤਾ।
ਸ਼੍ਰੀ ਸੋਨੀ ਨੇ ਕਿਹਾ ਕਿ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਅੱਗੇ ਆਈਏ ਅਤੇ ਨਿੱਕੇ ਨਿੱਕੇ ਜਿਹੇ ਕੰਮ ਜਿਵੇ ਕਿ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਨਾ ਕਰਨਾ, ਪੌਦੇ ਲਗਾਉਣੇ, ਪਾਣੀ ਦੀ ਬੱਚਤ ਕਰਨੀ,ਆਲੇ ਦੁਆਲੇ ਦੀ ਸਫਾਈ ਰੱਖਣੀ ਕਰਕੇ ਹੀ ਵਾਤਾਵਰਣ ਨੂੰ ਸਾਫ ਸੁਥਰਾ ਰੱਖ ਕੇ ਆਪਣਾ ਯੋਗਦਾਨ ਪਾ ਸਕਦੇ ਹਾਂ। ਸ਼੍ਰੀ ਸੋਨੀ ਨੇ ਕਿਹਾ ਕਿ ਵਾਇਸ ਆਫ ਅੰਮ੍ਰਿਤਸਰ ਸੰਸਥਾ ਦੇ ਸਹਿਯੋਗ ਨਾਲ ਮੈਡੀਕਲ ਕਾਲਜ ਵਿਖੇ 200 ਤੋ ਉਪਰ ਪੌਦੇ ਲਗਾਏ ਜਾ ਰਹੇ ਹਨ ਜਿੰਨ੍ਹਾਂ ਵਿਚ ਜਿਵੇ ਕਿ ਗੁਲਮੋਹਰ, ਅਮਲਤਾਸ, ਨਿੰਮ, ਅਸ਼ੋਕਾ, ਆਂਵਲਾ ਆਦਿ ਦੇ ਪੌਦੇ ਹਨ। ਇਸ ਮੌਕੇ ਸ਼੍ਰੀ ਸੋਨੀ ਨੇ ਵਾਇਸ ਆਫ ਅੰਮ੍ਰਿਤਸਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋ ਕਰੋਨਾ ਮਹਾਂਮਾਰੀ ਦੋਰਾਨ ਵੀ ਲੋੜਵੰਦਾ ਦੀ ਸਹਾਇਤਾ ਕੀਤੀ ਗਈ ਹੈ ਅਤੇ ਇਸ ਸੰਸਥਾ ਵਲੋ ਕੀਤੇ ਜਾਣ ਵਾਲੇ ਹੋਰ ਕੰਮਾਂ ਦੀ ਸ਼ਲਾਘਾ ਵੀ ਕੀਤੀ। ਸ਼੍ਰੀ ਸੋਨੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਸਾਡੇ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਗੈਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਸਾਡੇ ਕਈ ਡਾਕਟਰ ਇਸ ਲੜਾਈ ਵਿਚ ਸ਼ਹੀਦ ਹੋਏ ਹਨ। ਇਸ ਮੌਕੇ ਸੰਸਥਾ ਦੀ ਸਕੱਤਰ ਰਾਖੀ ਸਹਿਗਲ ਨੇ ਦੱਸਿਆ ਕਿ ਸਾਡੀ ਸੰਸਥਾ ਵਲੋ ਇਸ ਸਾਲ ਦੇ ਅੰਤ ਤੱਕ ਵੱਖ ਵੱਖ ਥਾਵਾਂ ਤੇ 10 ਹਜ਼ਾਰ ਤੋ ਵੱਧ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
ਇਸ ਮੌਕੇ ਸ਼੍ਰੀ ਸੋਨੀ ਨੇ ਪੈ੍ਰਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਤਿੰਨੇ ਮੈਡੀਕਲ ਕਾਲਜਾਂ ਵਿਚ ਸਾਰੀਆਂ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਖਾਲੀ ਪਈਆਂ ਆਸਾਮੀਆਂ ਨੂੰ ਵੀ ਭਰਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਕੈਸਰ ਇੰਸਟੀਚਿਊਟ ਦਾ ਕੰਮ 90 ਫੀਸਦੀ ਤੋ ਜਿਆਦਾ ਹੋ ਚੁੱਕਾ ਹੈ ਅਤੇ ਜ਼ਲਦ ਹੀ ਇਸ ਇੰਸਟੀਚਿਊਟ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਜਾਵੇਗਾ।
ਇਸ ਮੌਕੇ ਪਿ੍ਰੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨ, ਡਾ: ਨਰਿੰਦਰ ਸਿੰਘ, ਮੈਡਮ ਇੰਦੂ ਅਰੋੜਾ,ਸੀਨੂੰ ਅਰੋੜਾ, ਸ: ਮਨਦੀਪ ਸਿੰਘ, ਸ: ਬਲਵੀਰ ਸਿੰਘ ਰੰਧਾਵਾ, ਰਾਜ ਇਕਬਾਲ ਸਿੰਘ, ਸ: ਹਰਮੀਤ ਸਿੰਘ,ਸ: ਜਸਜੀਤ ਸਿੰਘ, ਸ਼੍ਰੀ ਮੋਹਿੰਤ ਖੰਨਾ ਆਦਿ ਹਾਜ਼ਰ ਸਨ।