ਹੁਸ਼ਿਆਰਪੁਰ, 30 ਜੁਲਾਈ ( ਨਿਊਜ਼ ਹੰਟ )- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲਜ਼ (ਐਚ.ਆਈ.ਏ.ਡੀ.ਐਸ.) ਵਿੱਚ ਹੁਣ ਤੱਕ ਕਰੀਬ 23 ਹਜ਼ਾਰ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਕਰੀਬ 7500 ਦੇ ਕਰੀਬ ਵਿਅਕਤੀਆਂ ਨੂੰ ਰਿਫਰੈਸ਼ਰ ਕੋਰਸ ਕਰਵਾ ਕੇ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਐਚ.ਆਈ.ਏ.ਡੀ.ਐਸ. ਦੇ ਕਾਰਜਕਾਰੀ ਮੈਂਬਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਕੇ ਸੰਸਥਾ ਦੇ ਕੰਮਾਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਕਾਰਜਕਾਰੀ ਮੈਂਬਰਾਂ ਦੇ ਨਾਲ ਸੰਸਥਾ ਵਿੱਚ ਕੀਤੇ ਗਏ ਕੰਮਾਂ ਅਤੇ ਭਵਿੱਖ ਵਿੱਚ ਇਸ ਸੰਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ । ਉਨ੍ਹਾਂ ਕਿਹਾ ਕਿ ਵਪਾਰਕ ਵਾਹਨਾਂ ਦੇ ਨਵੇਂ ਲਾਈਸੈਂਸ ਅਤੇ ਰਿਨੀਊ ਕਰਨ ਦੇ ਸਮੇਂ ਲੱਗ ਰਹੇ ਰਿਫਰੈਸ਼ਰ ਕੋਰਸ ਸਬੰਧੀ ਜ਼ਿਲ੍ਹੇ ਵਿੱਚ ਹੁਸ਼ਿਆਰਪੁਰ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲਜ਼ ਨਾਮ ਦੀ ਇਹ ਸੰਸਥਾ 18 ਦਸੰਬਰ 2020 ਨੂੰ ਰੈਡ ਕਰਾਸ ਮਾਰਕਿਟ, ਬਾਜ਼ਾਰ ਵਕੀਲਾਂ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਸੰਸਥਾ ਦੇ ਖੁੱਲ੍ਹਣ ਨਾਲ ਨਾ ਸਿਰਫ ਹੁਸ਼ਿਆਰਪੁਰ ਬਲਕਿ ਆਸ-ਪਾਸ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਕਾਫੀ ਫਾਇਦਾ ਪਹੁੰਚਿਆ ਹੈ।
ਐਚ.ਆਈ.ਏ.ਡੀ.ਐਸ ਦੇ ਪ੍ਰਿੰਸੀਪਲ ਨਰੇਸ਼ ਗੁਪਤਾ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਮੌਜੂਦਾ ਸਮੇਂ ਵਿੱਚ ਦੋ ਦਿਨ ਦੇ ਕੋਰਸ ਦੀ ਸਮਰੱਥਾ 100 ਕੈਂਡੀਡੇਟ ਤੋਂ ਵਧਾ ਕੇ 300 ਕਰਨ ਦੇ ਯਤਨ ਕੀਤੇ ਜਾਣ। ਇਸ ਤੋਂ ਇਲਾਵਾ ਐਚ.ਆਈ.ਏ.ਡੀ.ਐਸ. ਸੰਸਥਾ ਦੀ ਤਰੱਕੀ ਦੇ ਲਈ ਹੋਰ ਜ਼ਰੂਰੀ ਕਦਮ ਵੀ ਚੁੱਕੇ ਜਾਣ। ਇਸ ਮੌਕੇ ’ਤੇ ਸਕੱਤਰ ਆਰ.ਟੀ.ਏ. ਪ੍ਰਦੀਪ ਸਿੰਘ ਢਿੱਲੋਂ, ਜੀ.ਐਮ. ਰੋਡਵੇਜ ਰਣਜੀਤ ਸਿੰਘ ਬੱਗਾ, ਐਮ.ਵੀ.ਆਈ. ਦਵਿੰਦਰ ਸਿੰਘ, ਸੈਕਸ਼ਨ ਅਫ਼ਸਰ ਆਰ.ਟੀ.ਏ. ਰਮਨ ਕੁਮਾਰ ਵੀ ਮੌਜੂਦ ਸਨ।