ਹੁਸ਼ਿਆਰਪੁਰ, 08 ਅਗਸਤ ( ਨਿਊਜ਼ ਹੰਟ )- ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਰਾਜ ਵਿੱਚ ਕੋਵਿਡ-19 ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਜਤਾਉਂਦੇ ਹੋਏ 9 ਤੋਂ 17 ਅਗਸਤ ਸਾਉਣ ਅਸ਼ਟਮੀ ਨਵਰਾਤਿਆਂ ਦੇ ਦੌਰਾਨ ਰਾਜ ਦੇ ਵੱਖ-ਵੱਖ ਮੰਦਰਾਂ ਵਿੱਚ ਜਾਣ ਦੇ ਚਾਹਵਾਨ ਵਿਅਕਤੀਆਂ ਨੂੰ ਰਾਜ ਦੀਆਂ ਹੱਦਾਂ ਵਿੱਚ ਦਾਖਲ ਹੋਣ ਦੀ ਆਗਿਆ ਤਾਂ ਹੀ ਦਿੱਤੀ ਜਾਵੇਗੀ ਜਦੋਂ ਉਨ੍ਹਾਂ ਕੋਲ ਕੋਵਿਡ-19 ਟੀਕਾਕਰਨ ਦਾ ਸਰਟੀਫਿਕੇਟ (ਦੋਵੇਂ ਡੋਜਾਂ) ਜਾਂ ਨੈਗੇਟਿਵ ਆਰ.ਟੀ.ਪੀ.ਸੀ.ਆਰ ਰਿਪੋਰਟ ਹੋਵੇ ਜੋ ਕਿ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਇਹ ਜ਼ਰੂਰੀ ਹੈ ਕਿ ਉਕਤ ਰਿਪੋਰਟ ਅਧਿਕਾਰਤ ਲੈਬੋਰਟ੍ਰੇਰੀ ਤੋਂ ਜਾਰੀ ਕੀਤੀ ਗਈ ਹੋਵੇ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਹਿਮਾਚਲ ਪ੍ਰਦੇਸ਼ ਦੀ ਹੱਦ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਰਾਸਤੇ ਰਾਹੀਂ ਪੰਜਾਬ ਅਤੇ ਹੋਰ ਸੂਬਿਆਂ ਦੇ ਬਹੁਤ ਸ਼ਰਧਾਲੂ ਮਾਤਾ ਚਿੰਤਪੂਰਨੀ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਉਕਤ ਦਿਨਾਂ ਵਿੱਚ ਦਰਸ਼ਨਾਂ ਦੇ ਲਈ ਜਾਂਦੇ ਹਨ। ਇਸ ਲਈ ਉਹ ਦਰਸ਼ਨਾਂ ਦੇ ਲਈ ਜਾਣ ਤੋਂ ਪਹਿਲਾਂ ਕੋਵਿਡ ਟੀਕਾਕਰਨ ਦਾ ਦੋਵੇਂ ਦੋਜਾਂ ਦਾ ਸਰਟੀਫਿਕੇਟ ਅਤੇ ਆਰ.ਟੀ.ਪੀ.ਸੀ.ਆਰ ਰਿਪੋਰਟ ਜ਼ਰੂਰ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵਲੋਂ ਆਪਣੀਆਂ ਹੱਦਾਂ ’ਤੇ ਨਾਕੇ ਅਤੇ ਚੈਕਿੰਗ ਪੁਆਇੰਟ ਬਣਾਏ ਜਾਣਗੇ ਅਤੇ ਸਿਰਫ ਉਨ੍ਹਾਂ ਨੂੰ ਹੀ ਹੱਦ ਅੰਦਰ ਜਾਣ ਦੀ ਆਗਿਆ ਹੋਵੇਗੀ ਜਿਸ ਦੇ ਕੋਲ ਉਕਤ ਰਿਪੋਰਟ ਹੋਵੇ।
ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਊਨਾ (ਹਿਮਾਚਲ ਪ੍ਰਦੇਸ਼) ਰਾਘਵ ਸ਼ਰਮਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕੋਵਿਡ-19 ਸਬੰਧੀ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਉਕਤ ਸਮੇਂ ਦੇ ਦੌਰਾਨ ਨੋ ਮਾਸਕ ਨੋ ਦਰਸ਼ਨ ਦੀ ਨੀਤੀ, ਦੋ ਗਜ ਦੀ ਸਮਾਜਿਕ ਦੂਰੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਧਾਰਮਿਕ ਸਥਾਨਾਂ, ਮੰਦਰਾਂ ਵਿੱਚ ਪ੍ਰਵੇਸ਼ ਦੇ ਦੌਰਾਨ ਥਰਮਲ ਸਕੈਨਿੰਗ ਅਤੇ ਹੱਥ ਸਾਲ ਕਰਨ ਦੇ ਲਈ ਹੱਥ ਧੋਣੇ ਅਤੇ ਸੈਨੇਟਾਈਜਰ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ।
ਰਾਘਵ ਸ਼ਰਮਾ ਨੇ ਹੁਸ਼ਿਆਰਪੁਰ ਦੇ ਰਾਸਤੇ ਤੋਂ ਹਿਮਾਚਲ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਵਿਡ-19 ਟੀਕਾਕਰਨ ਦੇ ਦੋਵੇਂ ਡੋਜਾਂ ਦੀ ਰਿਪੋਰਟ ਜਾਂ 72 ਘੰਟੇ ਪਹਿਲਾ ਕਰਵਾਏ ਗਏ ਆਰ.ਟੀ.ਪੀ.ਸੀ.ਆਰ. ਰਿਪੋਰਟ ਨਾਲ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਉਨ੍ਹਾਂ ਦੀਆਂ ਹੱਦਾਂ ’ਤੇ ਹੀ ਕੋਵਿਡ-19 ਦੇ ਸਿਹਤ ਪ੍ਰੋਟੋਕਾਲ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਚੈਕਿੰਗ ’ਤੇ ਹੀ ਪੀਣ ਦੇ ਪਾਣੀ, ਮੈਡੀਕਲ ਸੁਵਿਧਾ, ਛਾਂ ਅਤੇ ਬੈਠਣ ਦੇ ਸਥਾਨ ਵਰਗੀਆਂ ਬੁਨਿਆਦੀ ਸੁਵਿਧਾਵਾਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਲੋਂ ਗਲਤ ਦਸਤਾਵੇਜ ਦਿਖਾਉਣ ’ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਤੋਂ ਇਲਾਵਾ ਕੋਵਿਡ-19 ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 51-60 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।