ਜਲੰਧਰ, 13 ਅਗਸਤ ( ਨਿਊਜ਼ ਹੰਟ )- ਡਿਪਟੀ ਪੁਲਿਸ ਕਮਿਸ਼ਨਰ ਗੁਰਮੀਤ ਸਿੰਘ ਉਨ੍ਹਾਂ 15 ਪੰਜਾਬ ਪੁਲਿਸ ਅਧਿਕਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੀ ਚੋਣ ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ-ਟੂ-ਡਿਊਟੀ (ਸਮਰਪਣ ਭਾਵਨਾ ਨਾਲ ਬਿਹਤਰੀਨ ਡਿਊਟੀ ਨਿਭਾਉਣ ਲਈ ਮੁੱਖ ਮੰਤਰੀ ਮੈਡਲ) ਲਈ ਕੀਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਵਿਖੇ ਆਜ਼ਾਦੀ ਦਿਹਾੜੇ ਸਮਾਗਮ ਦੌਰਾਨ ਡਿਪਟੀ ਪੁਲਿਸ ਕਮਿਸ਼ਨਰ ਗੁਰਮੀਤ ਸਿੰਘ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼੍ਰੀ ਸਿੰਘ ਨੂੰ ਡੀ.ਸੀ.ਪੀ., ਜਲੰਧਰ ਵਜੋਂ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਮੈਡਲ ਲਈ ਚੁਣਿਆ ਗਿਆ । ਉਹ ਪਿਛਲੇ ਕੁਝ ਸਾਲਾਂ ਤੋਂ ਵੱਖ-ਵੱਖ ਗਿਰੋਹਾਂ ਨੂੰ ਨੱਥ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ । ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਗੁਰਮੀਤ ਸਿੰਘ 1993 ਵਿੱਚ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇੰਸਪੈਕਟਰ ਵਜੋਂ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਅਤੇ 2015 ਵਿੱਚ ਐਸ.ਐਸ.ਪੀ. ਵਜੋਂ ਤਰੱਕੀ ਮਿਲਣ ਤੋਂ ਪਹਿਲਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੰਸਪੈਕਟਰ, ਡੀ.ਐਸ.ਪੀ. ਅਤੇ ਐਸ.ਪੀ. ਵਜੋਂ ਸੇਵਾਵਾਂ ਨਿਭਾਈਆਂ।
ਸ਼੍ਰੀ ਸਿੰਘ ਨੇ ਪੁਲਿਸ ਵਿਭਾਗ ਵਿੱਚ ਆਪਣੀ 27 ਸਾਲ ਅਤੇ 08 ਮਹੀਨੇ ਤੋਂ ਜ਼ਿਆਦਾ ਦੀ ਸੇਵਾ ਦੌਰਾਨ ਫੀਲਡ ਵਿੱਚ ਸਫ਼ਲਤਾਪੂਰਵਕ ਵੱਖ-ਵੱਖ ਡਿਊਟੀਆਂ ਨਿਭਾਈਆਂ । ਉਨ੍ਹਾਂ ਅੰਨੇ ਕਤਲ, ਲੁੱਟਾਂ ਦੇ ਕਈ ਮਾਮਲਿਆਂ ਨੂੰ ਟਰੇਸ ਕਰਨ ਅਤੇ ਅਜਿਹੇ ਅਪਰਾਧਾਂ ਲਈ ਜ਼ਿੰਮੇਵਾਰ ਗਿਰੋਹਾਂ ਦਾ ਪਰਦਾਫਾਸ਼ ਕਰਨ ਵਿੱਚ ਸ਼ਾਨਦਾਰ ਭੁਮਿਕਾ ਨਿਭਾਈ। ਮੌਜੂਦਾ ਸਮੇਂ ਉਹ ਜਲੰਧਰ ਵਿਖੇ ਪੁਲਿਸ ਕਮਿਸ਼ਨਰੇਟ ਵਿੱਚ ਡਿਪਟੀ ਪੁਲਿਸ ਕਮਿਸ਼ਨਰ (ਇਨਵੈਸਟੀਗੇਸ਼ਨ) ਵਜੋਂ ਤਾਇਨਾਤ ਹਨ।