ਹੁਸ਼ਿਆਰਪੁਰ, 19 ਅਗਸਤ ( ਨਿਊਜ਼ ਹੰਟ )- ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋਂ ਡੀ.ਐਸ.ਪੀ. (ਪੀ.ਆਈ.ਬੀ., ਐਨ.ਡੀ.ਪੀ.ਐਸ.) ਪ੍ਰੇਮ ਸਿੰਘ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ 11 ਸਤੰਬਰ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਵਿਚ ਰੱਖੇ ਜਾਣ ਵਾਲੇ ਕੈਂਸਲੇਸ਼ਨ ਅਤੇ ਅਨਟੇ੍ਰਸਡ ਕੇਸਾਂ ਵਿਚ ਸ਼ਿਕਾਇਤਕਰਤਾ ਨੂੰ ਬੁਲਾਇਆ ਜਾਵੇ ਤਾਂ ਜੋ ਇਨ੍ਹਾਂ ਕੇਸਾਂ ਨੂੰ ਪ੍ਰੀ-ਲੋਕ ਅਦਾਲਤ ਵਿਚ ਸੈਟਲ ਕੀਤਾ ਜਾ ਸਕੇ।
ਡੀ.ਐਸ.ਪੀ. ਨੇ ਦੱਸਿਆ ਕਿ ਐਸ.ਐਸ.ਪੀ. ਹੁਸ਼ਿਆਰਪੁਰ ਵਲੋਂ 187 ਅਨਟ੍ਰੇਸਡ ਰਿਪੋਰਟਸ ਅਤੇ 79 ਕੈਂਸਲੇਸ਼ਨ ਰਿਪੋਰਟਸ ਅਦਾਲਤ ਵਿਚ ਭੇਜਣ ਲਈ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਅਦਾਲਤ ਨੂੰ ਭੇਜੀ ਜਾ ਚੁੱਕੀ ਹੈ ਤਾਂ ਜੋ ਰਾਸ਼ਟਰੀ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸਾਂ ਨੂੰ ਸੈਟਲ ਕੀਤਾ ਜਾ ਸਕੇ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਇਸ ਉਪਰੰਤ ਬੀ.ਡੀ.ਪੀ.ਓ. ਹੁਸ਼ਿਆਰਪੁਰ-1 ਸੋਢੀ ਲਾਲ ਅਤੇ ਬੀ.ਡੀ.ਪੀ.ਓ ਹੁਸ਼ਿਆਰਪੁਰ-2 ਕਰਨੈਲ ਸਿੰਘ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਨ ਵਲੋਂ ਲੀਗਲ ਸਰਵਿਸਜ਼ ਐਪ ਲਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਕੋਈ ਵੀ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ। ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਐਪ ਬਾਰੇ ਪਿੰਡਾਂ ਦੇ ਸਰਪੰਚਾਂ ਨੂੰ ਗੁਰਦੁਆਰਿਆਂ, ਮੰਦਰਾਂ ਵਿਚ ਅਨਾਊਂਸਮੈਂਟ ਕਰਨ ਲਈ ਕਹਿਣ ਤਾਂ ਜੋ ਹਰ ਵਿਅਕਤੀ ਤੱਕ ਮੁਫ਼ਤ ਕਾਨੂੰਨੀ ਸਹਾਇਤਾ ਦਾ ਪ੍ਰਚਾਰ ਹੋ ਸਕੇ ਅਤੇ ਹਰ ਵਿਅਕਤੀ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕੇ। ਉਨ੍ਹਾਂ ਕਿਹਾ ਕਿ 11 ਸਤੰਬਰ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਸਬੰਧੀ ਬੀ.ਡੀ.ਪੀ.ਓਜ਼ ਆਪਣੇ ਖੇਤਰ ਅਧੀਨ ਆਉਣ ਵਾਲੇ ਸਰਪੰਚਾਂ ਦੁਆਰਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਪਿੰਡ ਵਾਸੀ ਚੱਲ ਰਹੇ ਕੇਸਾਂ ਨੂੰ ਲੋਕ ਅਦਾਲਤ ਵਿਚ ਲਗਾ ਸਕਣ ਅਤੇ ਆਪਣੇ ਨਾਲ ਸਬੰਧਤ ਅਦਾਲਤ ਦੇ ਜੱਜ ਸਾਹਿਬ ਨੂੰ ਇਕ ਸਧਾਰਣ ਬੇਨਤੀ ਪੱਤਰ ਦੇ ਕੇ ਰਾਜੀਨਾਮੇ ਰਾਹੀਂ ਸਮਝੌਤਾ ਕਰਵਾ ਸਕਣ।
ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਸ਼ੇਸ਼ ਸਥਾਨਾਂ ਜਿਵੇਂ ਕਿ ਬਸ ਸਟੈਂਡ ਹੁਸ਼ਿਆਰਪੁਰ, ਰੇਲਵੇ ਸਟੇਸ਼ਨ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਹੁਸਿਆਰਪੁਰ ਵਿਚ ਮੁਫ਼ਤ ਕਾਨੂੰਨੀ ਸਹਾਇਤਾ ਦਾ ਪ੍ਰਚਾਰ ਕਰਨ ਲਈ ਉਕਤ ਲੀਗਲ ਸਰਵਿਸਜ਼ ਐਪ ਲਾਂਚ ਕੀਤੀ ਗਈ ਅਤੇ ਪੈਂਫਲੇਟ ਵੰਡੇ ਗਏ ਤਾਂ ਜੋ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਆਮ ਜਨਤਾ ਤੱਕ ਸੰਦੇਸ਼ ਪਹੁੰਚ ਸਕੇ। ਇਹ ਪ੍ਰਚਾਰ ਪੈਰਾਲੀਗਲ ਵਲੰਟੀਅਰ ਪਵਨ ਕੁਮਾਰ ਵਲੋਂ ਕੀਤਾ ਗਿਆ।