ਜਲੰਧਰ, 20 ਅਗਸਤ ( ਨਿਊਜ਼ ਹੰਟ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਰਜ਼ਾ ਰਾਹਤ ਸਕੀਮ ਦੇ ਪੰਜਵੇਂ ਪੜਾਅ ਤਹਿਤ ਵੱਡੀ ਰਾਹਤ ਦਿੰਦਿਆਂ ਜ਼ਿਲ੍ਹੇ ਦੇ 41308 ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 78.48 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ।
ਵਿਧਾਇਕ ਸੁਰਿੰਦਰ ਚੌਧਰੀ, ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਵਰਚੁਅਲ ਸਮਾਗਮ ਵਿੱਚ ਹਿੱਸਾ ਲੈਂਦਿਆਂ ਲਾਭਪਾਤਰੀਆਂ ਨੂੰ ਚੈੱਕ ਵੰਡ ਕੇ ਜਲੰਧਰ ਵਿੱਚ ਇਸ ਯੋਜਨਾ ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ।
ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਯੋਜਨਾ ਸੂਬੇ ਦੇ ਕਿਸਾਨਾਂ ਲਈ ‘ਸੁਨਹਿਰੀ ਯੁੱਗ’ ਦੀ ਸ਼ੁਰੂਆਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਬੇਮਿਸਾਲ ਕਦਮ ਹੈ, ਜਿਸ ਦਾ ਉਦੇਸ਼ ਕਿਸਾਨ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 41308 ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 78.48 ਕਰੋੜ ਦਾ ਬਕਾਇਆ ਕਰਜ਼ਾ ਮੁਆਫ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਮੂਲ ਕਰਜ਼ਾ ਰਾਸ਼ੀ ਵਜੋਂ 64.22 ਕਰੋੜ ਰੁਪਏ ਅਤੇ ਵਿਆਜ ਦੀ ਰਾਸ਼ੀ ਵਜੋਂ 14.25 ਕਰੋੜ ਰੁਪਏ ਮੁਆਫ਼ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 78.48 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 9.64 ਕਰੋੜ ਨਕੋਦਰ ਹਲਕੇ ਦੇ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਨਾਲ ਸਬੰਧਤ ਹਨ। ਇਸੇ ਤਰ੍ਹਾਂ 17.23 ਕਰੋੜ, 11.51, 15.76, 15.10, 6.75, 0.89 ਅਤੇ 1.59 ਕ੍ਰਮਵਾਰ ਸ਼ਾਹਕੋਟ, ਫਿਲੌਰ, ਆਦਮਪੁਰ, ਕਰਤਾਰਪੁਰ, ਜਲੰਧਰ ਕੈਂਟ, ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਹਨ। ਇਸ ਤਰ੍ਹਾਂ ਨਕੋਦਰ, ਸ਼ਾਹਕੋਟ, ਫਿਲੌਰ, ਆਦਮਪੁਰ, ਕਰਤਾਰਪੁਰ, ਜਲੰਧਰ ਕੈਂਟ, ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਹਲਕਿਆਂ ਦੇ ਕ੍ਰਮਵਾਰ 6109, 9477, 6156, 7699, 7405, 3177, 509 ਅਤੇ 776 ਲਾਭਪਾਤਰੀਆਂ ਨੂੰ ਇਸ ਪੰਜਵੇਂ ਪੜਾਅ ਤਹਿਤ ਲਾਭ ਪ੍ਰਾਪਤ ਹੋਏ ਹਨ।
ਇਸ ਦੌਰਾਨ ਵਿਧਾਇਕ, ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ‘ਤੇ ਹਰੇਕ ਵਿਧਾਨ ਸਭਾ ਹਲਕੇ ਤੋਂ ਆਏ ਲਾਭਪਾਤਰੀਆਂ ਨੂੰ ਚੈੱਕ ਸੌਂਪਦਿਆਂ ਲਾਭਪਾਤਰੀਆਂ ਨੂੰ ਲਾਭ ਵੰਡ ਦੀ ਸੰਕੇਤਕ ਸ਼ੁਰੂਆਤ ਕੀਤੀ।
ਉਨ੍ਹਾਂ ਇਹ ਵੀ ਕਿਹਾ ਕਿ ਕਰਜ਼ਾ ਰਾਹਤ ਸਕੀਮ ਦੇ ਪੰਜਵਾਂ ਪੜਾਅ ਸਦਕਾ ਕਿਸਾਨ ਭਾਈਚਾਰੇ ਦੀਆਂ ਪ੍ਰੇਸ਼ਾਨੀਆਂ ਦੂਰ ਹੋਣਗੀਆਂ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਭਾਈਚਾਰੇ ਦੀ ਬਾਂਹ ਫੜਨ ਲਈ ਇਹ ਇਤਿਹਾਸਕ ਕਦਮ ਚੁੱਕਣ ਦੀ ਸ਼ਲਾਘਾ ਵੀ ਕੀਤੀ।
ਜਿਨ੍ਹਾਂ ਲਾਭਪਾਤਰੀਆਂ ਵੱਲੋਂ ਸਮਾਗਮ ਦੌਰਾਨ ਚੈੱਕ ਪ੍ਰਾਪਤ ਕੀਤੇ ਗਏ, ਉਨ੍ਹਾਂ ਵਿੱਚ ਸ਼ੇਖੇ ਪਿੰਡ ਦੇ ਰਣਜੀਤ ਕੁਮਾਰ, ਜਿਨ੍ਹਾਂ ਉੱਤੇ 32245 ਰੁਪਏ ਦਾ ਕਰਜ਼ਾ ਸੀ, ਸਮੇਤ ਕਬੂਲਪੁਰ ਦੇ ਕੁਲਦੀਪ ਚੰਦ (31189), ਲੱਧੇਵਾਲੀ ਦੇ ਜੋਗਿੰਦਰ ਸਿੰਘ (23820), ਲੱਧੇਵਾਲੀ ਦੇ ਕਰਨੈਲ ਸਿੰਘ (23730), ਨਿਰਮਲ ਸਿੰਘ (29705), ਭੋਡੇ ਸਪਰਾਏ ਦੇ ਪਲਵਿੰਦਰ ਸਿੰਘ (21396), ਸਾਧੂ ਸਿੰਘ (22110), ਨਾਗਰਾ ਦੇ ਜੋਗਿੰਦਰ ਸਿੰਘ (27696), ਟੁੱਟ ਕਲਾਂ ਦੇ ਹਰਬੰਸ ਸਿੰਘ (25708), ਸੈਦਪੁਰ ਦੇ ਗੁਰਮੀਤ ਸਿੰਘ, ਲਸਾੜਾ ਦੇ ਚਰਨਜੀਤ ਸਿੰਘ (15472) ਪ੍ਰਕਾਸ਼ ਕੌਰ (21927), ਪ੍ਰਿਤਪਾਲ ਸਿੰਘ (25743), ਆਦਮਪੁਰ ਦੇ ਸ਼ਿਵ ਰਾਮ (23506) ਮੰਗਲ ਸਿੰਘ (26828) ਅਤੇ ਗਿੱਦੜਪਿੰਡੀ ਦੇ ਰਾਮ ਸਿੰਘ (11952) ਸ਼ਾਮਲ ਹਨ।
ਇਸ ਰਾਹਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਦਮਪੁਰ ਦੇ ਇੱਕ ਲਾਭਪਾਤਰੀ ਸ਼ਿਵ ਰਾਮ ਨੇ ਕਿਹਾ ਕਿ ਉਹ ਦਹਾਕਿਆਂ ਤੋਂ ਖੇਤ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ ਅਤੇ ਅੱਜ ਦੇ ਸਮਾਗਮ ਦੌਰਾਨ ਉਸਦਾ 23,506 ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਕੋਵਿਡ -19 ਮਹਾਂਮਾਰੀ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਮਜ਼ਦੂਰ ਭਾਈਚਾਰੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਰਾਜ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਯਤਨ ਸਮਾਜ ਦੇ ਕਮਜ਼ੋਰ ਵਰਗ ਨੂੰ ਉੱਚਾ ਚੁੱਕਣ ਵਿੱਚ ਬਹੁਤ ਸਹਾਈ ਹੋਣਗੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਲਾਲੀ, ਕੌਂਸਲਰ ਜਸਲੀਨ ਸੇਠੀ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਡਾ. ਜਗਜੀਤ ਸਿੰਘ, ਜ਼ਿਲ੍ਹਾ ਮੈਨੇਜਰ ਸਤਨਾਮ ਸਿੰਘ ਪੱਡਾ ਅਤੇ ਯੂਥ ਕਾਂਗਰਸੀ ਆਗੂ ਅੰਗਦ ਦੱਤਾ ਵੀ ਮੌਜੂਦ ਸਨ।