ਹੁਸ਼ਿਆਰਪੁਰ, 5 ਸਤੰਬਰ ( ਨਿਊਜ਼ ਹੰਟ )- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਚੋਣ ਅਫ਼ਸਰ ਹਰੀਸ਼ ਕੁਮਾਰ ਨੇ ਵਿਧਾਨ ਸਭਾ ਹਲਕਾ 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਅਤੇ 44-ਚੱਬੇਵਾਲ ਵਿਚ ਵੋਟਰ ਵੈਰੀਫਿਕੇਸ਼ਨ ਦੇ ਚੱਲ ਰਹੇ ਘਰ-ਘਰ ਸਰਵੇ ਅਤੇ ਵਿਸ਼ੇਸ਼ ਸੁਧਾਈ 2022 ਦੇ ਫਾਰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਸਮੂਹ ਬੀ.ਐਲ.ਓਜ਼ ਅਤੇ ਸੁਪਰਵਾਈਜ਼ਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਇਸ ਕੰਮ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਜਿਥੇ ਇਲੈਕਟ੍ਰੋਲ ਰੋਲ ਨੂੰ ਬਿਲਕੁਲ ਸਹੀ ਬਨਾਉਣ ਲਈ ਸਾਰੇ ਫਾਰਮ ਸਹੀ ਭਰਨ ਦੀ ਹਦਾਇਤ ਕੀਤੀ ਉਥੇ ਸ਼ਿਫਟਡ ਅਤੇ ਮ੍ਰਿਤਕ ਵੋਟਰਾਂ ਦੀਆਂ ਵੋਟਾਂ ਕੱਟਣ ਲਈ ਉਚਿਤ ਕਾਰਵਾਈ ਕਰਨ ਅਤੇ ਜ਼ਰੂਰੀ ਵੋਟਾਂ ਵਿਚ ਬਣਦੀ ਸੁਧਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸਮੂਹ ਹਲਕਾ ਸਟਾਫ਼ ਨੂੰ ਹਲਕੇ ਦੇ ਈ.ਆਰ.ਓ. ਲੋਗਿਨ ਵਿਚ ਕਿਸੇ ਵੀ ਤਰ੍ਹਾਂ ਦੀ ਡੈਮੋਗ੍ਰਾਫਿਕ ਸਿਮਲਰ ਐਂਟਰੀ, ਲਾਜਿਕਲ ਐਰਰ ਅਤੇ ਰਿਪਿਟਡ ਐਪਿਕ ਆਦਿ ਤਰੁੱਟੀਆਂ ਨੂੰ ਵੀ ਤੁਰੰਤ ਕਾਰਵਾਈ ਕਰਕੇ ਸੋਧ ਕਰਨ ਦੀ ਹਦਾਇਤ ਕੀਤੀ ਗਈ।
ਚੋਣ ਅਧਿਕਾਰੀ ਵਲੋਂ ਬੀ.ਐਲ.ਓਜ਼ ਵਲੋਂ ਸੁਧਾਈ ਦੇ ਪ੍ਰਾਪਤ ਫਾਰਮਾਂ ਦਾ ਨਿਪਟਾਰਾ ਨਾਲ ਦੇ ਨਾਲ ਬਿਨ੍ਹਾਂ ਕਿਸੇ ਦੇਰੀ ਦੇ ਕਰਨ ਦੀ ਹਦਾਇਤ ਕੀਤੀ ਗਈ। ਇਸ ਮੌਕੇ ’ਤੇ 43-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਸਹਾਇਕ ਚੋਣ ਰਜਿਸਟਰੇਸ਼ਨ ਅਫ਼ਸਰ ਲਵਦੀਪ ਸਿਘ ਅਤੇ 44-ਚੱਬੇਵਾਲ ਦੇ ਚੋਣ ਰਜਿਸਟਰੇਸ਼ਨ ਅਫ਼ਸਰ-ਕਮ-ਸਹਾਇਕ ਕਮਿਸ਼ਨਰ ਰਾਜ ਕਰ ਜਿਓਤਸਨਾ ਸਿੰਘ, ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਹਲਕਾ ਕਾਨੂੰਗੋ ਸੁਖਦੇਵ ਸਿੰਘ, ਦੀਪਕ ਕੁਮਾਰ ਅਤੇ ਹਰਪ੍ਰੀਤ ਕੌਰ ਤੋਂ ਇਲਾਵਾ ਚੋਣ ਸਟਾਫ਼ ਦੇ ਮੈਂਬਰ ਮੌਜੂਦ ਸਨ।