17.5 C
Jalandhar
Sunday, January 25, 2026

ਡੋਰ ਟੂ ਡੋਰ ਡੇਂਗੂ ਸਰਵੇ ਦੀ ਟੀਮ ਨਾਲ ਦੁਰਵਿਵਹਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਅਪਨੀਤ ਰਿਆਤ

ਹੁਸ਼ਿਆਰਪੁਰ, 8 ਅਕਤੂਬਰ (ਨਿਊਜ਼ ਹੰਟ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡੇਂਗੂ ਦੀ ਰੋਕਥਾਮ ਲਈ ਨਿਯੁਕਤ ਕੀਤੇ ਗਏ ਡੇਂਗੂ ਸਰਵੀਲੈਂਸ ਟੀਮ ਦੇ ਇਕ ਵਲੰਟੀਅਰ ’ਤੇ ਹਮਲੇ ਦੇ ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੇਂਗੂ ਸਰਵੀਲੈਂਸ ਟੀਮ ਦੀ ਵਲੰਟੀਅਰ ਰਮਨਪ੍ਰੀਤ ਨਿਵਾਸੀ ਪੁਰਹੀਰਾਂ ਨੇ ਦੱਸਿਆ ਕਿ ਉਹ ਡੇਂਗੂ ਸਰਵੇ ਦੌਰਾਨ ਵਲੰਟੀਅਰ ਦੇ ਤੌਰ ’ਤੇ ਸੇਵਾ ਨਿਭਾਅ ਰਹੀ ਹੈ ਅਤੇ ਇਸੇ ਲੜੀ ਤਹਿਤ ਉਹ 6 ਅਕਤੂਬਰ ਨੂੰ ਆਪਣੇ ਹੋਰ ਵਲੰਟੀਅਰ ਸਾਥੀਆਂ ਨਾਲ ਗੌਤਮ ਨਗਰ ਵਿਚ ਸਰਵੇ ਕਰ ਰਹੀ ਸੀ। ਇਸ ਦੌਰਾਨ ਉਸ ਨੇ ਗੌਤਮ ਨਗਰ ਗਲੀ ਨੰਬਰ 5 ਦੇ ਸਾਹਮਣੇ ਇਕ ਘਰ, ਜਿਸ ਦੇ ਬਾਹਰ ਚਾਹ ਦੀ ਦੁਕਾਨ ਸੀ ਦਾ ਸਰਵੇ ਕੀਤਾ ਤਾਂ ਉਥੇ ਲਾਰਵਾ ਪਾਇਆ ਗਿਆ। ਇਸ ਸਬੰਧ ਵਿਚ ਉਨ੍ਹਾਂ ਨੇ ਘਰ ਵਿਚ ਮੌਜੂਦ ਸੰਗੀਤਾ ਨੂੰ ਦੱਸਿਆ ਕਿ ਡੇਂਗੂ ਸੀਜਨ ਵਿਚ ਘਰ ਵਿਚ ਲਾਰਵਾ ਹੋਣਾ ਨੁਕਸਾਨ ਕਰ ਸਕਦਾ ਹੈ ਅਤੇ ਇਸ ਲਈ ਉਹ ਘਰ ਦੇ ਸਾਰੇ ਕੰਟੇਨਰਾਂ ਨੂੰ ਸਾਫ਼ ਕਰਨ। ਇਸ ਦੌਰਾਨ ਸੰਗੀਤਾ ਗੁੱਸੇ ਵਿਚ ਆ ਗਈ ਅਤੇ ਡੰਡੇ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਉਸ ਦੀ ਲੜਕੀ ਮੋਹਿਤ ਵੀ ਘਰ ਤੋਂ ਬਾਹਰ ਆ ਗਈ ਅਤੇ ਉਸ ਨੇ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ, ਅਪਸ਼ਬਦ ਬੋਲੇ ਅਤੇ ਉਸ ਨੂੰ ਸੜਕ ’ਤੇ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਇਕ ਗੱਡੀ ਦੇ ਥੱਲੇ ਆਉਣ ਤੋਂ ਬਾਲ-ਬਾਲ ਬਚੀ। ਇਸ ਦੌਰਾਨ ਹੋਰ ਵਲੰਟੀਅਰ ਸਾਥੀਆਂ ਨੇ ਆ ਕੇ ਉਸ ਨੂੰ ਬਚਾਇਆ। ਰਮਨਪ੍ਰੀਤ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਿਸ ਨੇ ਦੋਸ਼ੀ ਸੰਗੀਤਾ ਤੇ ਉਸ ਦੀ ਲੜਕੀ ਮੋਹਿਤ ਦੇ ਖਿਲਾਫ਼ ਆਈ.ਪੀ.ਸੀ. ਦੇ ਐਕਟ 1860 ਦੀ ਧਾਰਾ 186, 353, 332 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਧਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਘਟਨਾ ’ਤੇ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ ਡੇਂਗੂ ਸਰਵੀਲੈਂਸ ਟੀਮ ਨਾਲ ਦੁਰਵਿਵਹਾਰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਡੇਂਗੂ ਦੀ ਰੋਕਥਾਮ ਲਈ ਸਰਵੇ ਕਰਵਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਡੇਂਗੂ ਦੇ ਖਤਰੇ ਤੋਂ ਬਚਾਇਆ ਜਾ ਸਕੇ ਪਰੰਤੂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਰਵੇ ਕਰਨ ਵਾਲੇ ਸਟਾਫ਼ ਦੇ ਮਨੋਬਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਡੇਂਗੂ ਨਾਲ ਸਬੰਧਤ ਡਿਊਟੀ ਕਰ ਰਹੇ ਸਟਾਫ਼ ਨਾਲ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ, ਤਾਂ ਜੋ ਸਾਰੇ ਸਿਹਤਮੰਦ ਰਹਿ ਸਕਣ। ਉਨ੍ਹਾਂ ਕਿਹਾ ਕਿ ਜੇਕਰ ਡੇਂਗੂ ਸਰਵੀਲੈਂਸ ਟੀਮ ਨਾਲ ਦੁਰਵਿਵਹਾਰ ਦਾ ਮਾਮਲਾ ਦੁਬਾਰਾ ਸਾਹਮਣੇ ਆਇਆਂ ਤਾਂ ਸਬੰਧਤਾਂ ਖਿਲਾਫ਼ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਘਰਾਂ ਵਿਚ ਡੇਂਗੂ ਦਾ ਲਾਰਵਾ ਪਾਇਆ ਗਿਆ, ਉਨ੍ਹਾਂ ਦੇ ਚਾਲਾਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਟੀਮਾਂ ਵਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਕਾਰਨ ਕਈ ਥਾਵਾਂ ’ਤੇ ਡੇਂਗੂ ਦੇ ਫੈਲਾਅ ਨੂੰ ਪਹਿਲਾਂ ਹੀ ਕੰਟਰੋਲ ਕਰ ਲਿਆ ਗਿਆ ਹੈ।

ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿਚ ਡੇਂਗੂ ਵਿਸ਼ੇਸ਼ ਕਰਕੇ ਹੁਸ਼ਿਆਰਪੁਰ ਸ਼ਹਿਰ ਵਿਚ ਕਾਫ਼ੀ ਜ਼ਿਆਦਾ ਫੈਲ ਗਿਆ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਕਾਫ਼ੀ ਸਾਵਧਾਨੀ ਅਪਨਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਨਿਪਟਣ ਲਈ ਹਰ ਵਿਅਕਤੀ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਾਗਰੂਕਤਾ ਨਾਲ ਹੀ ਇਸ ਬੀਮਾਰੀ ਦੀ ਦਸਤਕ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਡੇਂਗੂ ਦੀ ਰੋਕਥਾਮ ਕੇਵਲ ਸਰਕਾਰ ਦੇ ਯਤਨਾਂ ਨਾਲ ਨਹੀਂ ਬਲਕਿ ਹਰ ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਕੀਤੀ ਜਾ ਸਕਦੀ ਹੈ ਜਿਸ ਲਈ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣਾ ਘਰ ਅਤੇ ਆਸ-ਪਾਸ ਸਾਫ਼ ਰੱਖਣ। ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਤੇ ਨਗਰ ਨਿਗਮ, ਨਗਰ ਪ੍ਰੀਸ਼ਦਾਂ ਦੀਆਂ ਟੀਮਾਂ ਵਲੋਂ ਵੱਡੇ ਪੱਧਰ ’ਤੇ ਫੌਗਿੰਗ, ਘਰਾਂ ਦੀ ਚੈਕਿੰਗ ਕਰਕੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਡੇਂਗੂ ਦੇ ਲਾਰਵੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਘਰਾਂ ਦੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਛੱਪੜ ਜਾਂ ਖੜ੍ਹੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਹੀ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਦਿਨ ਦੇ ਸਮੇਂ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨੇ ਜਾਣ, ਸੋਣ ਸਮੇਂ ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀ ਕਰੀਮ ਜਾਂ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਕੰਬਣੀ ਨਾਲ ਤੇਜ ਬੁਖਾਰ, ਤੇਜ ਸਿਰਦਰਦ ਜਾਂ ਜੋੜਾਂ ਵਿਚ ਦਰਦ ਆਦਿ ਹੋਵੇ ਤਾਂ ਨਜਦੀਕੀ ਸਿਹਤ ਕੇਂਦਰ ਵਿਚ ਤੁਰੰਤ ਸੰਪਰਕ ਕੀਤਾ ਜਾਵੇ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles