ਹੁਸ਼ਿਆਰਪੁਰ, 4 ਦਸੰਬਰ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ-19 ਤੋਂ ਬਚਾਅ ਲਈ ਆਯੋਜਿਤ ਮੈਗਾ ਟੀਕਾਕਰਨ ਕੈਂਪ ਦੇ ਪਹਿਲੇ ਦਿਨ ਲੋਕਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ, ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ 29 ਸ਼ਹਿਰੀ ਥਾਵਾਂ ’ਤੇ 7758 ਲੋਕਾਂ ਦਾ ਟੀਕਾਕਰਨ ਕੀਤਾ ਗਿਆ, ਜਿਸ ਵਿਚ 1555 ਨੂੰ ਪਹਿਲੀ ਤੇ 6203 ਨੂੰ ਦੂਜੀ ਡੋਜ਼ ਲਗਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਲੋਕਾਂ ਨੂੰ 16,65,459 ਡੋਜ਼ਾਂ ਲੱਗ ਚੁੱਕੀਆਂ ਹਨ, ਜਿਨ੍ਹਾਂ ਵਿਚ 1033219 ਪਹਿਲੀ ਡੋਜ਼ ਤੇ 632240 ਦੂਜੀ ਡੋਜ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਦੋ ਪਿੰਡ ਮਹੇਸਰਾਂ, ਘੰਗੋਵਾਲ 100 ਪ੍ਰਤੀਸ਼ਤ ਦੋਵੇਂ ਡੋਜ਼ ਵਾਲੇ ਪਿੰਡਾਂ ਵਿਚ ਸ਼ਾਮਲ ਹੋ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿਚ 100 ਪ੍ਰਤੀਸ਼ਤ ਦੋਵੇੇਂ ਡੋਜ਼ ਵਾਲੇ ਪਿੰਡਾਂ ਦੀ ਗਿਣਤੀ 59 ਹੋ ਗਈ ਹੈ ਜਦਕਿ ਜ਼ਿਲ੍ਹੇ ਵਿਚ 100 ਪ੍ਰਤੀਸ਼ਤ ਇਕ ਡੋਜ਼ ਵਾਲੇ ਪਿੰਡਾਂ ਦੀ ਗਿਣਤੀ 362 ਹੈ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਵੀ ਮੈਗਾ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਜੈਨ ਮੰਦਰ ਸ਼ੀਸ਼ ਮਹਿਲ ਬਾਜ਼ਾਰ, ਕੇਸ਼ੋ ਮੰਦਰ ਨਵੀਂ ਆਬਾਦੀ, ਸਰਵਿਸਜ਼ ਕਲੱਬ ਹੁਸ਼ਿਆਰਪੁਰ, ਗੁਰੂ ਰਾਮ ਦਾਸ ਲੰਗਰ ਸੇਵਾ ਪੁਰਹੀਰਾਂ, ਸਿਵਲ ਡਿਸਪੈਂਸਰੀ ਨਹਿਰ ਕਲੋਨੀ ਤੇ ਸਿਵਲ ਡਿਸਪੈਂਸਰੀ ਬਹਾਦਰਪੁਰ ਸ਼ਾਮਲ ਹਨ।
ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਜਿਲ੍ਹੇ ਵਿਚ ਕੋਵਿਡ ਟੈਸਟਿੰਗ ਨੂੰ ਵਧਾਇਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਵਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨਣ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਮੇਂ-ਸਮੇਂ ’ਤੇ ਹੱਥ ਸੈਨੇਟਾਈਜ਼ਰ ਜਾਂ ਸਾਬਣ ਨਾਲ ਜ਼ਰੂਰ ਸਾਫ਼ ਕਰਨ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਦੀ ਕੋਵਿਡ-19 ਬਚਾਅ ਸਬੰਧੀ ਦੋਵੇਂ ਡੋਜ਼ ਜਾਂ ਇਕ ਡੋਜ਼ ਪੈਂਡਿੰਗ ਹੈ, ਉਹ ਕੱਲ ਆਪਣੇ ਨੇੜੇ ਦੇ ਕੋਵਿਡ ਟੀਕਾਕਰਨ ਕੈਂਪ ’ਤੇ ਜਾ ਕੇ ਟੀਕਾਕਰਨ ਜ਼ਰੂਰ ਕਰਵਾਉਣ। ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ-19 ਸਬੰਧੀ ਬੱਚਿਆ ਦੇ ਇਲਾਜ ਲਈ ਬਾਈਪੈਪ ਤੇ ਆਕਸੀਜਨ ਵੰਡ ਪ੍ਰਣਾਲੀ ਮੋਹਾਲੀ ਗੋਦਾਮ ਤੋਂ ਹੁਸ਼ਿਆਰਪੁਰ ਪਹੁੰਚ ਗਈ ਹੈ ਜਿਸ ਵਿਚ 50 ਆਕਸੀਜਨ ਵੰਡ ਪ੍ਰਣਾਲੀ ਹੈ ਅਤੇ 3 ਬਾਈਪੈਪ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਡਾ ਜ਼ਿਲ੍ਹਾ ਤੀਜੀ ਲਹਿਰ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।