ਜਲੰਧਰ, 7 ਜਨਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਅਤੇ ਇੰਟਰਨਲ ਟਰੇਡ (ਡੀ.ਪੀ.ਆਈ.ਆਈ.ਟੀ.), ਨੂੰ ਕਾਮਨ ਇਫਲੂਐਂਟ ਟਰੀਟਮੈਂਟ ਪਲਾਂਟ ਦੀ ਅਪਗ੍ਰੇਡੇਸ਼ਨ ਲਈ ਐਸ.ਪੀ.ਵੀ. ਨੂੰ ਆਪਣੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਪ੍ਰਾਜੈਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਇਆ ਜਾ ਸਕੇ।
ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਅੰਤਰਿਮ ਕਮੇਟੀ, ਪੰਜਾਬ ਇਫਲੂਐਂਟ ਟਰੀਟਮੈਂਟ ਸੁਸਾਇਟੀ (ਪੀ.ਈ.ਟੀ.ਐਸ) ਫਾਰ ਟੈਨਰੀਜ਼ ਨੇ ਵਧੀਕ ਸਕੱਤਰ, ਡੀ.ਪੀ.ਆਈ.ਆਈ.ਟੀ. ਰਾਜੀਵ ਸਿੰਘ ਠਾਕੁਰ ਦੀ ਪ੍ਰਧਾਨਗੀ ਹੇਠ ਟੈਨਰੀ ਸੀ.ਈ.ਟੀ.ਪੀ. ਅਪਗ੍ਰੇਡੇਸ਼ਨ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਦੱਸਿਆ ਕਿ ਐਸ.ਪੀ.ਵੀ. ਨੂੰ ਪਹਿਲੀ ਕਿਸ਼ਤ ਜਾਰੀ ਕਰਨ ਖਾਤਰ ਡੀ.ਪੀ.ਆਈ.ਆਈ.ਟੀ. ਨੂੰ ਸਿਫ਼ਾਰਸ਼ਾਂ ਕਰਨ ਲਈ ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ (ਸੀ.ਐਲ.ਆਰ.ਆਈ.), ਚੇਨਈ ਵੱਲੋਂ ਮੰਗੀ ਗਈ ਸਾਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਹੈ ਤਾਂ ਜੋ ਸੀ.ਈ.ਟੀ.ਪੀ. ਦੇ ਅਪਗ੍ਰੇਡੇਸ਼ਨ ਪ੍ਰਾਜੈਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 102.21 ਲੱਖ ਰੁਪਏ ਦੀ ਆਪਣੀ ਪਹਿਲੀ ਕਿਸ਼ਤ ਦੇ ਹਿੱਸੇ ਵਜੋਂ ਪਹਿਲਾਂ ਹੀ 153 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 143.80 ਲੱਖ ਰੁਪਏ ਦੀ ਵਰਤੋਂ ਐਸ.ਪੀ.ਵੀ. ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਤਹਿਤ ਮਿਕਸਿੰਗ-ਕਮ-ਡਾਈਲਿਊਸ਼ਨ ਟੈਂਕ ਦੇ ਨਿਰਮਾਣ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਲਾਭਪਾਤਰੀਆਂ (ਇੰਡਸਟਰੀ) ਵੱਲੋਂ ਆਪਣੇ ਹਿੱਸੇ ਦੇ ਬਣਦੇ 102.21 ਲੱਖ ਰੁਪਏ ਤਹਿਤ ਅਗਸਤ, 2021 ਵਿੱਚ 102.84 ਲੱਖ ਜਮ੍ਹਾ ਕਰਵਾਏ ਗਏ ਹਨ।
ਉਨ੍ਹਾਂ ਸੀ.ਈ.ਟੀ.ਪੀ. ਪ੍ਰਾਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਡੀ.ਪੀ.ਆਈ.ਆਈ.ਟੀ. ਨੂੰ ਐਸ.ਪੀ.ਵੀ. ਨੂੰ 476.97 ਲੱਖ ਦੀ ਆਪਣੀ ਪਹਿਲੀ ਕਿਸ਼ਤ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਸੀ.ਈ.ਟੀ.ਪੀ. ਦੇ ਪ੍ਰਵਾਣਿਤ ਅਪਗ੍ਰੇਡੇਸ਼ਨ ਪ੍ਰਾਜੈਕਟ ਨੂੰ ਲਾਗੂ ਕੀਤਾ ਜਾ ਸਕੇ।
ਇਸ ਮੌਕੇ ਐਸ.ਪੀ.ਵੀ ਦੇ ਨੋਡਲ ਅਫ਼ਸਰ ਅਤੇ ਪੀ.ਈ.ਟੀ.ਐਸ ਫਾਰ ਟੈਨਰੀਜ਼ ਦੇ ਪ੍ਰਸ਼ਾਸਕੀ ਅਧਿਕਾਰੀ ਕੇ.ਸੀ. ਡੋਗਰਾ ਵੀ ਮੌਜੂਦ ਸਨ।
