ਹੁਸ਼ਿਆਰਪੁਰ, 19 ਜਨਵਰੀ (ਨਿਊਜ਼ ਹੰਟ)- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਅਪਾਹਜ, ਅਧਿਕਾਰਤ ਮੀਡੀਆ ਕਰਮਚਾਰੀ, ਜ਼ਰੂਰੀ ਸੇਵਾਵਾਂ ਨਾਲ ਜੁੜੇ ਕਰਮਚਾਰੀ ਅਤੇ ਕੋਵਿਡ ਤੋਂ ਪ੍ਰਭਾਵਿਤ ਵੋਟਰ ਪੋਸਟਲ ਬੈਲਟ ਪੇਪਰਾਂ ਰਾਹੀਂ ਵੋਟ ਪਾ ਸਕਣਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਉਪਰੋਕਤ ਵਰਗ ਦੇ ਵੋਟਰਾਂ ਨੂੰ ਫਾਰਮ 12ਡੀ ਭਰ ਕੇ ਆਪਣੇ ਹਲਕੇ ਦੇ ਰਿਟਰਨਿੰਗ ਅਫ਼ਸਰ ਕੋਲ ਜਮ੍ਹਾ ਕਰਵਾਉਣਾ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ ਜੇਕਰ ਵੋਟਰ ਹੋਰ ਜ਼ਰੂਰੀ ਸੇਵਾਵਾਂ ਜਿਵੇਂ ਕਿ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ, ਭਾਰਤੀ ਖੁਰਾਕ ਨਿਗਮ, ਆਲ ਇੰਡੀਆ ਰੇਡੀਓ, ਦੂਰਦਰਸ਼ਨ, ਡਾਕ ਅਤੇ ਟੈਲੀਗ੍ਰਾਫ਼, ਰੇਲਵੇ, ਬੀ.ਐਸ.ਐਨ.ਐਲ, ਬਿਜਲੀ, ਸਿਹਤ, ਫਾਇਰ ਸਰਵਿਸਿਜ਼, ਸਿਵਲ ਏਵੀਏਸ਼ਨ ਵਿਭਾਗ ਨਾਲ ਸਬੰਧਤ ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਡਿਊਟੀ ‘ਤੇ ਹੈ ਤਾਂ ਉਹ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ।ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਹ ਫਾਰਮ ਚੋਣਾਂ ਦੇ ਐਲਾਨ ਦੀ ਮਿਤੀ ਤੋਂ ਨੋਟੀਫਿਕੇਸ਼ਨ ਤੋਂ ਪੰਜ ਦਿਨ ਬਾਅਦ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਹਸਪਤਾਲ ਵਿੱਚ ਕੋਵਿਡ ਦਾ ਇਲਾਜ ਕਰਵਾ ਰਹੇ ਮਰੀਜ਼ ਜਾਂ ਇਕਾਂਤਵਾਸ ਮਰੀਜ਼ ਵੀ ਲੈ ਸਕਦੇ ਹਨ। 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀ ਇਸ ਸਹੂਲਤ ਲਈ ਫਾਰਮ 12ਡੀ ਭਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਵੱਲੋਂ ਮੁਹੱਈਆ ਕਰਵਾਈ ਗਈ ਸੂਚੀ ਅਨੁਸਾਰ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਉਪਰੋਕਤ ਸ਼੍ਰੇਣੀਆਂ ਨੂੰ ਘਰ-ਘਰ ਜਾ ਕੇ ਫਾਰਮ 12ਡੀ ਵੀ ਵੰਡਣਗੇ ਅਤੇ ਉਨ੍ਹਾਂ ਤੋਂ ਪਹੁੰਚ ਰਸੀਦ ਪ੍ਰਾਪਤ ਕਰਨਗੇ। ਬੀ.ਐਲ.ਓ. ਵੱਲੋ ਇਹ ਰਸੀਦ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਜਾਵੇਗੀ ।ਅਜਿਹੇ ਵੋਟਰ (ਬਜ਼ੁਰਗ, ਅਪਾਹਜ) ਜਿਸ ਨੂੰ ਬੀ.ਐਲ.ਓ. ਵੱਲੋ ਛੋਟ ਦਿੱਤੀ ਜਾਵੇਗੀ ਉਹ ਪੁਰਾਣੇ ਤਰੀਕੇ ਨਾਲ ਬੂਥ ‘ਤੇ ਆ ਕੇ ਵੋਟ ਪਾ ਸਕਦਾ ਹੈ ਜਾਂ ਇਸ ਨਵੀਂ ਵਿਧੀ ਅਨੁਸਾਰ ਪੋਸਟਲ ਬੈਲਟ ਪੇਪਰ ਦੀ ਵਰਤੋਂ ਕਰਨ ਦਾ ਵਿਕਲਪ ਚੁਣ ਸਕਦਾ ਹੈ। ਜੇਕਰ ਉਹ ਪੋਸਟਲ ਬੈਲਟ ਪੇਪਰ ਦੀ ਚੋਣ ਕਰਦਾ ਹੈ, ਤਾਂ ਉਹ ਫਾਰਮ 12 ਡੀ ਵਿੱਚ ਆਪਣਾ ਵੇਰਵਾ ਭਰੇਗਾ ਅਤੇ ਇਸਨੂੰ ਬੀ.ਐਲ.ਓ. ਨੂੰ ਜਮ੍ਹਾ ਕਰੇਗਾ ਜੋ ਅੱਗੇ ਇਹਨਾਂ ਫਾਰਮਾਂ ਨੂੰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾ ਕਰੇਗਾ। ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਕੰਮ ਦੀ ਨਿਗਰਾਨੀ ਬੀ.ਐਲ.ਓ ਸੈਕਟਰ ਅਫਸਰ ਵੱਲੋਂ ਕੀਤੀ ਜਾਵੇਗੀ। ਰਿਟਰਨਿੰਗ ਅਫ਼ਸਰ ਇਨ੍ਹਾਂ ਫਾਰਮਾਂ ਦੀ ਪੜਤਾਲ ਕਰੇਗਾ ਅਤੇ ਜਿਹੜੇ ਫਾਰਮ ਯੋਗ ਪਾਏ ਗਏ ਹਨ, ਉਨ੍ਹਾਂ ਨੂੰ ਪੋਸਟਲ ਬੈਲਟ ਪੇਪਰ ਜਾਰੀ ਕਰਨ ਲਈ ਪ੍ਰਵਾਨਗੀ ਦਿੱਤੀ ਜਾਵੇਗੀ। ਰਿਟਰਨਿੰਗ ਅਫਸਰ ਕੋਵਿਡ ਮਾਮਲਿਆਂ ਵਿੱਚ ਰਾਜ ਸਰਕਾਰ ਦੀ ਤਰਫੋਂ ਸਮਰੱਥ ਅਥਾਰਟੀ ਦੇ ਸਰਟੀਫਿਕੇਟ ਦੀ ਵੀ ਜਾਂਚ ਕਰੇਗਾ। ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਵੋਟਰ ਸੂਚੀ ਵਿੱਚ ਅਜਿਹੇ ਵੋਟਰ ਦੇ ਨਾਂ ਅੱਗੇ ਪੀ.ਬੀ. (ਨਿਸ਼ਾਨਦੇਹੀ) ਕੀਤੀ ਜਾਵੇਗੀ ਤਾਂ ਜੋ ਅਜਿਹੇ ਵੋਟਰ ਦੁਬਾਰਾ ਵੋਟਿੰਗ ਵਾਲੇ ਦਿਨ ਬੂਥ ‘ਤੇ ਆ ਕੇ ਵੋਟ ਨਾ ਪਾ ਸਕਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪੋਸਟਲ ਬੈਲਟ ਦੀ ਸਹੂਲਤ ਪ੍ਰਾਪਤ ਕਰਨ ਵਾਲਾ ਕੋਈ ਵੀ ਵੋਟਰ ਪੋਲਿੰਗ ਸਟੇਸ਼ਨ ‘ਤੇ ਜਾ ਕੇ ਆਮ ਤੌਰ ‘ਤੇ ਵੋਟ ਨਹੀਂ ਪਾ ਸਕੇਗਾ।