ਹੁਸ਼ਿਆਰਪੁਰ, 24 ਜਨਵਰੀ (ਨਿਊਜ਼ ਹੰਟ)- 73ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਮਾਲ ਤੇ ਪੁਨਰਵਾਸ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਜ਼ਿਲ੍ਹਾ ਪੱਧਰੀ ਸਮਾਰੋਹ ਸਬੰਧੀ ਫੁਲ ਡਰੈਸ ਰਿਹਰਸਲ ਦਾ ਜਾਇਜ਼ਾ ਲੈਣ ਦੌਰਾਨ ਦਿੱਤੀ। ਇਸ ਮੌਕੇ ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਲੇ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਅੱਜ ਦੀ ਫੁਲ ਡਰੈਸ ਰਿਹਰਸਲ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ, ਇਸ ਉਪਰੰਤ ਪਰੇਡ ਕਮਾਂਡਰ ਡੀ.ਐਸ.ਪੀ. ਮਾਨਵਜੀਤ ਸਿੰਘ ਦੀ ਅਗਵਾਈ ਵਿਚ ਪੀ.ਆਰ.ਟੀ.ਸੀ. ਜਹਾਨਖੇਲਾਂ, ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੀ.ਆਰ.ਟੀ.ਸੀ. ਜਹਾਨਖੇਲਾਂ ਦੀ ਮਹਿਲਾ ਟੁਕੜੀ, ਪੰਜਾਬ ਹੋਮਗਾਰਡਜ਼ ਅਤੇ ਸਾਬਕਾ ਸੈਨਿਕਾਂ ਵਲੋਂ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ।
ਫੁਲ ਡਰੈਸ ਰਿਹਰਸਲ ਤੋਂ ਬਾਅਦ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਜ਼ਿਲ੍ਹਾ ਪੱਧਰੀ ਸਮਾਰੋਹ ਦੇ ਪ੍ਰਬੰਧਾਂ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਕੋਵਿਡ ਪ੍ਰੋਟੋਕਾਲ ਅਨੁਸਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਵਤੰਤਰਤਾ ਸੈਨਾਨੀਆਂ ਦਾ ਸਨਮਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਘਰ ਜਾ ਕੇ ਕੀਤਾ ਜਾਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਸਨਮਾਨ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਦਿਵਸ ’ਤੇ ਵਿਲੱਖਣ ਪ੍ਰਾਪਤੀ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਗਣਤੰਤਰ ਦਿਵਸ ’ਤੇ ਜਿਥੇ ਜ਼ਿਲ੍ਹਾ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ਸਬੰਧੀ ਉਚਿਤ ਵਿਵਸਥਾ ਕਰਨ ਲਈ ਕਿਹਾ, ਉਥੇ ਪਾਰਕਿੰਗ ਦੇ ਪੁਖਤਾ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ’ਤੇ ਡਿਊਟੀ ਨਿਭਾਉਣ ਵਾਲੇ ਸਟਾਫ਼ ਦਾ ਕੋਵਿਡ ਟੀਕਾਕਰਨ ਮੁਕੰਮਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਵਾਗਤ ਵਾਲੇ ਸਥਾਨ ’ਤੇ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਅਸਥਾਈ ਪਖਾਨਾ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਮੈਡੀਕਲ ਟੀਮ ਤਾਇਨਾਤ ਕਰਨ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਜਾਵੇ। ਇਸ ਮੌਕੇ ਐਸ.ਪੀ. (ਹੈਡਕੁਆਟਰ) ਸ੍ਰੀ ਅਸ਼ਵਨੀ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।