ਹੁਸ਼ਿਆਰਪੁਰ, 26 ਜਨਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਬਚਾਅ ਸਬੰਧੀ ਦੂਜੀ ਡੋਜ਼ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਪੂਰਨ ਟੀਕਾਕਰਨ ਕਰਵਾ ਕੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੇਕਸ ਵਿਚ ਐਸ.ਐਮ.ਓਜ਼, ਬੀ.ਡੀ.ਪੀ.ਓਜ਼, ਈ.ਓਜ਼ ਤੇ ਜੀ.ਓ.ਜੀਜ਼ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਕੋਵਿਡ ਟੀਕਾਕਰਨ ਦੀ ਦੂਜੀ ਡੋਜ਼ ਦੀ ਪੈਂਡੈਂਸੀ ਕਲੀਅਰ ਕਰਨ ਲਈ ਸਮੂਹ ਐਸ.ਐਮ.ਓਜ਼ ਨੂੰ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਉਹ ਬਲਾਕ ਪੱਧਰ ’ਤੇ ਪਿੰਡਾਂ ਤੇ ਸ਼ਹਿਰਾਂ ਦਾ ਵੱਖ-ਵੱਖ ਸ਼ਡਿਊਲ ਬਣਾ ਕੇ ਉਨ੍ਹਾਂ ਨੂੰ ਸੌਂਪਣ ਅਤੇ ਤਿਆਰ ਕੀਤੇ ਗਏ ਸ਼ਡਿਊਲ ਅਨੁਸਾਰ ਦੋ ਸ਼ਿਫਟਾਂ ਵਿਚ ਮੋਬਾਇਲ ਟੀਮਾਂ ਰਾਹੀਂ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਐਸ.ਐਮ.ਓਜ਼ ਵਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਪਿੰਡਾਂ ਤੇ ਸ਼ਹਿਰਾਂ ਵਿਚ ਬੀ.ਡੀ.ਪੀ.ਓਜ਼, ਈ.ਓਜ਼ ਤੇ ਜੀ.ਓ.ਜੀਜ਼ ਜਾਗਰੂਕਤਾ ਫੈਲਾਉਣਗੇ ਤਾਂ ਜੋ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।
ਸ੍ਰੀਮਤੀ ਅਪਨੀਤ ਰਿਆਤ ਨੇ ਐਸ.ਐਮ.ਓਜ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਅਗਲੇ 5 ਦਿਨ ਕੋਵਿਡ ਬਚਾਅ ਸਬੰਧੀ ਟੀਕਾਕਰਨ ਦੀ ਦੂਜੀ ਡੋਜ਼ ਲਗਾਉਣ ਲਈ ਮੁਹਿੰਮ ਚਲਾਈ ਜਾਵੇ ਅਤੇ ਦੂਜੀ ਡੋਜ਼ ਦੀ ਪੈਂਡੈਂਸੀ ਵਾਲੇ ਪਿੰਡਾਂ ਤੇ ਸ਼ਹਿਰੀ ਹਲਕਿਆਂ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਕੋਵਿਡ ਬਚਾਅ ਸਬੰਧੀ 1929186 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ, ਜਿਸ ਵਿਚ 1136732 ਪਹਿਲੀ ਡੋਜ਼ ਤੇ 792454 ਦੂਜੀ ਡੋਜ਼ ਸ਼ਾਮਲ ਹੈ। ਇਸ ਤੋਂ ਇਲਾਵਾ 15 ਸਾਲ ਤੋਂ ਵੱਧ ਉਮਰ ਵਰਗ ਦੇ ਬੱਚਿਆ ਨੂੰ 36476 ਡੋਜ਼ਾਂ ਲਗਾਈਆਂ ਚੁੱਕੀਆਂ ਹਨ। ਇਸ ਦੌਰਾਨ ਹਾਜ਼ਰ ਐਸ.ਐਮ.ਓਜ਼ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਲਈ ਬਲਾਕ ਭੂੰਗਾ ਵਿਚ 10, ਬੁੱਢਾਬੜ ਵਿਚ 11, ਗੜ੍ਹਸ਼ੰਕਰ ਵਿਚ 4, ਹਾਰਟਾ ਬੱਡਲਾ ਵਿਚ 10, ਮੁਕੇਰੀਆਂ ਵਿਚ 4, ਚੱਕੋਵਾਲ ਵਿਚ 8, ਦਸੂਹਾ ਵਿਚ 4, ਹਾਜੀਪੁਰ ਵਿਚ 10, ਹੁਸ਼ਿਆਰਪੁਰ ਸ਼ਹਿਰ ਵਿਚ 4, ਮੰਡ ਮੰਡੇਰ ਵਿਚ 8, ਪਾਲਦੀ ਵਿਚ 8, ਪੋਸੀ ਵਿਚ 10 ਤੇ ਟਾਂਡਾ ਵਿਚ 10 ਮੋਬਾਇਲ ਟੀਮਾਂ ਬਣਾ ਲਈਆਂ ਗਈਆਂ ਹਨ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ, ਸਕੱਤਰ ਆਰ.ਟੀ.ਏ. ਸੁਖਵਿੰਦਰ ਸਿੰਘ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਤੋਂ ਇਲਾਵਾ ਸਾਰੇ ਐਸ.ਐਮ.ਓਜ਼, ਈ.ਓਜ਼ ਤੇ ਜੀ.ਓ.ਜੀਜ਼ ਵੀ ਮੌਜੂਦ ਸਨ।