ਹੁਸ਼ਿਆਰਪੁਰ, 26 ਜਨਵਰੀ (ਨਿਊਜ਼ ਹੰਟ)- ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਹੁਸ਼ਿਆਰਪੁਰ ਦੀ ਪੁਲਿਸ ਲਾਈਨ ਗਰਾਊਂਡ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ। ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਸ੍ਰੀਮਤੀ ਚੌਧਰੀ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਐਸ.ਐਸ.ਪੀ. ਧਰੁਮਨ ਐਚ ਨਿੰਬਾਲੇ ਵੀ ਉਨ੍ਹਾਂ ਨਾਲ ਮੌਜੂਦ ਸਨ। ਉਪਰੰਤ ਜ਼ਿਲ੍ਹਾ ਵਾਸੀਆਂ ਦੇ ਨਾਂਅ ਸੰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਵੇਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਹੈ ਪਰ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਹੀ ਸਾਡਾ ਦੇਸ਼ ਗਣਰਾਜ ਬਣਿਆ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ ਦੇਸ਼ ਸਾਡੇ ਭਾਰਤ ਨੇ ਗਣਰਾਜ ਦੇ 72 ਵਰ੍ਹੇ ਪੂਰੇ ਕਰ ਲਏ ਹਨ ਅਤੇ ਅੱਜ ਸਾਰਾ ਮੁਲਕ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ।
ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਸਭਿਆਚਾਰਾਂ ਵਾਲੇ ਮੁਲਕ ਨੂੰ ਇਕ ਮਾਲਾ ਵਿਚ ਪਰੋਇਆ ਹੈ, ਜਿਸ ਸਦਕਾ ਅੱਜ ਸਾਡੇ ਮੁਲਕ ਨੂੰ ‘ਅਨੇਕਤਾ ਵਿਚ ਏਕਤਾ’ ਦੀ ਖੂਬਸੂਰਤ ਮਿਸਾਲ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਤਿੰਨਾਂ ਸੈਨਾਵਾਂ, ਅਰਧ ਸੈਨਿਕ ਬੱਲਾਂ ਤੋਂ ਇਲਾਵਾ ਸੂਬਾ ਪੁਲਿਸ ਦੇ ਬਹਾਦਰ ਜਵਾਨਾਂ ਨੂੰ ਜਿਥੇ ਸਲਾਮ ਕੀਤਾ, ਉਥੇ ਆਜ਼ਾਦੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਬਹਾਦਰ ਸੂਰਮਿਆਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਆਜ਼ਾਦੀ ਸੰਘਰਸ਼ ਦੌਰਾਨ 80 ਫੀਸਦੀ ਤੋਂ ਵੱਧ ਪੰਜਾਬੀਆਂ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਂਸੀ ਦੇ ਰੱਸੇ ਚੁੰਮਣ ਤੋਂ ਲੈ ਕੇ ਕਾਲੇ ਪਾਣੀ ਵਰਗੀਆਂ ਸਖਤ ਸਜਾਵਾਂ ਵੀ ਪੰਜਾਬੀਆਂ ਨੇ ਹੱਸ-ਹੱਸ ਕੇ ਕੱਟੀਆਂ ਹਨ। ਉਨ੍ਹਾਂ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਵਾਲੇ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ, ਰਾਜਗੁਰੂ, ਸੁਖਦੇਵ ਥਾਪਰ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਮਦਨ ਲਾਲ ਢੀਂਗਰਾ ਸਮੇਤ ਆਜ਼ਾਦੀ ਸੈਨਾਨੀਆਂ ਨੂੰ ਵੀ ਸਿਜਦਾ ਕੀਤਾ।
ਜ਼ਿਲ੍ਹਾ ਪੱਧਰੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਕੈਬਨਿਟ ਮੰਤਰੀ ਨੇ ਜ਼ਿਲ੍ਹਾ ਰੈਡ ਕਰਾਸ ਵਲੋਂ ਜ਼ਰੂਰਤਮੰਦਾਂ ਨੂੰ 20 ਸਿਲਾਈ ਮਸ਼ੀਨਾਂ ਤੋਂ ਇਲਾਵਾ 5 ਵੀਲ੍ਹ ਚੇਅਰਜ਼ ਵੀ ਸੌਂਪੀਆਂ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ 63 ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ। ਸਮਾਰੋਹ ਵਿੱਚ ਪਰੇਡ ਕਮਾਂਡਰ ਡੀ.ਐਸ.ਪੀ. ਸ਼੍ਰੀ ਮਾਨਵਜੀਤ ਸਿੰਘ ਦੀ ਅਗਵਾਈ ਵਿੱਚ ਪੀ.ਆਰ.ਟੀ.ਸੀ. ਜਹਾਨਖੇਲਾਂ, ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੀ.ਆਰ.ਟੀ.ਸੀ. ਜਹਾਨਖੇਲਾਂ ਦੀ ਮਹਿਲਾ ਟੁਕੜੀ, ਪੰਜਾਬ ਹੋਮਗਾਰਡਜ਼, ਸਾਬਕਾ ਸੈਨਿਕ ਅਤੇ ਪੀ.ਆਰ.ਟੀ.ਸੀ. ਜਹਾਨਖੇਲਾਂ ਤੇ ਪੰਜਾਬ ਪੁਲਿਸ ਦੇ ਸਾਂਝੇ ਬੈਂਡ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਐਸ.ਐਸ.ਪੀ. ਸ੍ਰੀ ਧਰੁਮਨ ਐਚ ਨਿੰਬਾਲੇ ਵਲੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਵੀ ਸੌਂਪਿਆ ਗਿਆ।
ਇਸ ਮੌਕੇ ਆਈ.ਜੀ. ਜਲੰਧਰ ਰੇਂਜ ਸ੍ਰੀ ਅਰੁਨ ਪਾਲ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਮਰਜੋਤ ਭੱਟੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਰਬਾਰਾ ਸਿੰਘ, ਐਸ.ਪੀ. (ਹੈਡਕੁਆਟਰ) ਸ੍ਰੀ ਅਸ਼ਵਨੀ ਕੁਮਾਰ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਸ਼ਿਵ ਰਾਜ ਸਿੰਘ ਬੱਲ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨ ਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।