13.8 C
Jalandhar
Monday, December 23, 2024

ਵਿਧਾਨ ਸਭਾ ਚੋਣਾਂ-2022 ; ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ’ਚ 3645 ਵੋਟਰਾਂ ਨੇ ਕੀਤਾ ਪੋਸਟਲ ਬੈਲਟ ਦਾ ਇਸਤੇਮਾਲ

ਹੁਸ਼ਿਆਰਪੁਰ, 18 ਫਰਵਰੀ (ਨਿਊਜ਼ ਹੰਟ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 20 ਫਰਵਰੀ ਨੂੰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਆਜ਼ਾਦ, ਪਾਰਦਰਸ਼ੀ ਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 20 ਫਰਵਰੀ ਨੂੰ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 3645 ਵੋਟਰਾਂ ਨੇ ਪੋਸਟਲ ਬੈਲਟ ਦੀ ਵਰਤੋਂ ਕੀਤੀ ਹੈ, ਜਿਸ ਵਿਚ 3104 ਪੋਲਿੰਗ ਸਟਾਫ਼, 491 ਸਰਵਿਸ ਵੋਟਰ, 39 ਵੋਟਰ 80 ਸਾਲ ਤੋਂ ਵੱਧ ਉਮਰ ਦੇ ਵੋਟਰ ਅਤੇ 11 ਪੀ.ਡਬਲਯੂ.ਡੀ. ਵੋਟਰ ਸ਼ਾਮਲ ਹਨ। ਇਹ ਵੋਟਰ ਕੇਵਲ ਪੋਸਟਲ ਬੈਲਟ ਦਾ ਪ੍ਰਯੋਗ ਕਰ ਸਕਣਗੇ ਨਾ ਕਿ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਉਣਗੇ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਇਸ ਵਾਰ ਚੋਣਾਂ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਕੋਵਿਡ ਬਚਾਅ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ, ਜਿਸ ਸਬੰਧ ਵਿਚ ਮਾਸਕ, ਸੈਨੇਟਾਈਜ਼ਰ, ਦਸਤਾਨੇ ਆਦਿ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਿਹਤ ਵਿਭਾਗ ਵਲੋਂ ਹਰ ਬੂਥ ’ਤੇ ਕੋਵਿਡ ਮਾਨੀਟਰ ਤਿਆਰ ਕੀਤਾ ਗਿਆ ਹੈ ਜੋ ਕਿ ਸਾਰਿਆਂ ਦੀ ਥਰਮਲ ਸਕੈਨਿੰਗ ਨੂੰ ਯਕੀਨੀ ਬਣਾਏਗਾ। ਇਸ ਤੋਂ ਇਲਾਵਾ ਬਾਇਓਮੈਡੀਕਲ ਵੇਸਟ ਇਕੱਠਾ ਕਰਨ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਤਾਂ ਜੋ ਲੋਕ ਸੁਰੱਖਿਅਤ ਮਾਹੌਲ ਵਿਚ ਆਪਣੀ ਵੋਟ ਦਾ ਪ੍ਰਯੋਗ ਕਰ ਸਕਣ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ, ਦਿਵਆਂਗਜਨਾਂ ਅਤੇ ਹੋਰ ਜ਼ਰੂਰਤਮੰਦਾਂ ਲਈ ਬੂਥਾਂ ’ਤੇ ਵਲੰਟੀਅਰ ਵੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਵੋਟਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੈਂਕਾਂ, ਸੰਸਥਾਵਾਂ, ਫੈਕਟਰੀਆਂ,ਦੁਕਾਨਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਕਮਾਈ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ, ਤਾਂ ਜੋ ਉਹ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰ ਸਕਣ।
ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਰ ਫੋਟੋ ਪਹਿਚਾਣ ਪੱਤਰ (EPIC) ਤੋਂ ਇਲਾਵਾ 12 ਹੋਰ ਦਸਤਾਵੇਜ਼ਾਂ ਨੂੰ ਆਪਣੇ ਪਹਿਚਾਣ ਪੱਤਰਾਂ ਦੇ ਰੂਪ ਵਿਚ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਪਾਸ ਫੋਟੋ ਪਹਿਚਾਣ ਪੱਤਰ (ਈ.ਪੀ.ਆਈ.ਸੀ., ਜਿਸ ਨੂੰ ਵੋਟਰ ਆਈ.ਡੀ. ਕਾਰਡ ਵੀ ਕਿਹਾ ਜਾਂਦਾ ਹੈ) ਨਹੀਂ ਹੈ, ਉਹ ਆਧਾਰ ਕਾਰਡ, ਮਗਨਰੇਗਾ ਜ਼ਾਬ ਕਾਰਡ, ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਕਿਰਤ ਵਿਭਾਗ ਦੀ ਯੋਜਨਾ ਤਹਿਤ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ,ਐਨ.ਪੀ.ਆਰ. ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ ਜਾਂ ਸੂਬਾ ਸਰਕਾਰਾਂ ਜਾਂ ਜਨਤਕ ਖੇਤਰ ਦੀਆਂ ਸੰਸਥਾਵਾਂ/ਪਬਲਿਕ ਲਿਮਟਡ ਕੰਪਨੀਆਂ ਦੁਆਰਾ ਜਾਰੀ ਕੀਤੇ ਗਏ ਸੇਵਾ ਆਈ.ਡੀ. ਕਾਰਡ (ਫੋਟੋ ਸਮੇਤ), ਸੰਸਦ ਮੈਂਬਰ/ਵਿਧਾਇਕ/ਐਮ.ਐਲ.ਸੀ. ਨੂੰ ਜਾਰੀ ਕੀਤੇ ਗਏ ਅਧਿਕਾਰਤ ਪਹਿਚਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਦੁਆਰਾ ਜਾਰੀ ਵਿਸ਼ੇਸ਼ ਵਿਕਲਾਂਗਤਾ ਆਈ.ਡੀ. (ਯੂ.ਡੀ.ਆਈ.ਡੀ.) ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ।

ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1111 ਥਾਵਾਂ ’ਤੇ 1563 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਦੀ 139 ਸੁਪਰਵਾਈਜਰਾਂ ਵਲੋਂ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 12,87,837 ਵੋਟਰ ਆਪਣੀ ਵੋਟ ਦਾ ਪ੍ਰਯੋਗ ਕਰਨਗੇ, ਜਿਨ੍ਹਾਂ ਵਿਚ 6,62,641 ਪੁਰਸ਼, 6,25,154 ਮਹਿਲਾ ਅਤੇ 42 ਥਰਡ ਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 36 ਨਾਜ਼ੁਕ ਅਤੇ 214 ਸੰਵੇਦਨਸ਼ੀਲ ਬੂਥ ਹਨ। ਇਸ ਤੋਂ ਇਲਾਵਾ ਸਾਰੇ ਪੋਲਿੰਗ ਬੂਥਾਂ ’ਤੇ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 59 ਮਾਡਲ ਪੋਲਿੰਗ ਬੂਥ ਤੇ ਮਹਿਲਾਵਾਂ ਅਤੇ ਪੀ.ਡਬਲਯੂ.ਡੀ. ਵਲੋਂ ਸੰਚਾਲਤ 7-7 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹ ਦੱਸਿਆ ਕਿ ਜ਼ਿਲ੍ਹੇ ਵਿਚ 126 ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ.) ਅਤੇ ਸਟੈਟੀਕਲ ਸਰਵੀਲੈਂਸ ਟੀਮ (ਐਸ.ਐਸ.ਟੀ.) ਟੀਮਾਂ, 21 ਵੀਡੀਓ ਸਰਵੀਲੈਂਸ ਟੀਮਾਂ ਵਲੋਂ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ, ਉੜਮੁੜ ਅਤੇ ਚੱਬੇਵਾਲ ਲਈ ਰਿਆਤ-ਬਾਹਰਾ ਇੰਸਟੀਚਿਊਟ ਵਿਚ ਸਟਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ ਸਥਾਪਤ ਕੀਤੇ ਗਏ ਹਨ ਜਦਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦਾ ਈ.ਵੀ.ਐਮ. ਸਟਰਾਂਗ ਰੂਮ ਅਤੇ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ।
ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਡਰ, ਭੈਅ ਦੇ ਆਪਣੀ ਵੋਟ ਦਾ ਪ੍ਰਯੋਗ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਉਮੀਦਵਾਰ ਅਤੇ ਰਾਜਨੀਤਿਕ ਦਲ ਨਕਦੀ, ਸ਼ਰਾਬ ਅਤੇ ਹੋਰ ਕਿਸੇ ਵਸਤੂ ਆਦਿ ਦੀ ਵੰਡ ਕਰਕੇ ਵੋਟਰਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,100SubscribersSubscribe
- Advertisement -spot_img

Latest Articles