ਹੁਸ਼ਿਆਰਪੁਰ, 18 ਫਰਵਰੀ (ਨਿਊਜ਼ ਹੰਟ)- ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੀ ਗੰਭੀਰਤਾ ਸਦਕਾ ਸਿਹਤ ਵਿਭਾਗ ਵਲੋਂ ਵੈਕਸੀਨੇਸ਼ਨ ਲਈ ਡੋਰ-ਟੂ-ਡੋਰ ਵਿੱਢੀ ਮੁਹਿੰਮ ਤਹਿਤ ਹੁਣ ਤੱਕ ਪਹਿਲੀ, ਦੂਜੀ ਅਤੇ ਬੂਸਟਰ ਡੋਜ਼ ਸਮੇਤ ਸਾਢੇ 22 ਲੱਖ ਦਾ ਅੰਕੜਾ ਟੱਪ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ 401 ਪਿੰਡਾਂ ਦਾ ਮੁਕੰਮਲ ਟੀਕਾਕਰਨ ਕਰਵਾਇਆ ਜਾ ਚੁੱਕਾ ਹੈ, ਜੋ ਆਪਣੇ-ਆਪ ਵਿਚ ਸਿਹਤ ਵਿਭਾਗ ਦੀ ਵਧੀਆ ਕਾਰਗੁਜ਼ਾਰੀ ਨੂੰ ਦਰਸਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਸਿਹਤ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਕੀਤੀ ਮਿਹਨਤ ਸਦਕਾ ਹੀ ਇਹ ਅੰਕੜਾ ਸਾਢੇ 22 ਲੱਖ ਤੋਂ ਪਾਰ ਹੋਇਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ 401 ਪਿੰਡਾਂ ਵਿਚ 100 ਫੀਸਦੀ ਮੁਕੰਮਲ ਟੀਕਾਕਰਨ (ਦੋਵੇਂ ਖੁਰਾਕਾਂ) ਤੋਂ ਇਲਾਵਾ 900 ਪਿੰਡਾਂ ਵਿਚ ਪਹਿਲੀ ਡੋਜ਼ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 12 ਲੱਖ 3 ਹਜਾਰ 137 ਪਹਿਲੀ ਡੋਜ਼, 10 ਲੱਖ 30 ਹਜ਼ਾਰ 763 ਦੂਜੀ ਡੋਜ਼ ਅਤੇ 21 ਹਜ਼ਾਰ 912 ਬੂਸਟਰ ਡੋਜ਼ ਸਮੇਤ ਹੁਣ ਤੱਕ 22 ਲੱਖ 55 ਹਜ਼ਾਰ 812 ਦੇ ਕਰੀਬ ਕੋਵਿਡ ਵੈਕਸੀਨੇਸ਼ਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 22 ਲੱਖ 55 ਹਜ਼ਾਰ 812 ਦੇ ਅੰਕੜੇ ਵਿਚ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਪਹਿਲੀ ਡੋਜ਼ 49,666 ਅਤੇ ਦੂਜੀ ਡੋਜ਼ 6,723 ਵੀ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਵਲੋਂ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਕੋਵਿਡ-19 ਵੈਕਸੀਨੇਸ਼ਨ ਨਹੀਂ ਕਰਵਾਈ, ਉਹ ਪਹਿਲ ਦੇ ਆਧਾਰ ’ਤੇ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਵੈਕਸੀਨੇਸ਼ਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੋਰ-ਟੂ-ਡੋਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੈਕਸੀਨੇਸ਼ਨ ਨਜਦੀਕੀ ਸਿਹਤ ਕੇਂਦਰ ਵਿਖੇ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਸਿਹਤ ਵਿਭਾਗ ਦੀਆਂ ਟੀਮਾਂ ਟੀਕਾਕਰਨ ਲਈ ਘਰ ਆਉਣ ਤਾਂ ਉਨ੍ਹਾਂ ਨੂੰ ਸਹਿਯੋਗ ਕੀਤਾ ਜਾਵੇ।