ਹੁਸ਼ਿਆਰਪੁਰ, 20 ਫਰਵਰੀ (ਨਿਊਜ਼ ਹੰਟ)- ਜ਼ਿਲ੍ਹੇ ਵਿਚ ਸਵੇਰੇ 8 ਵਜੇ ਤੋਂ ਪੋਲਿੰਗ ਬੂਥਾਂ ’ਤੇ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਸ਼ੁਰੂ ਹੋਈ ਅਤੇ 9 ਵਜੇ ਤੱਕ 5.3 ਫੀਸਦੀ ਵੋਟ ਪੋਲ ਹੋਈ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਪੋਲਿੰਗ ਬੂਥ ’ਤੇ ਲਾਈਨ ਵਿਚ ਲੱਗ ਕੇ ਪਰਿਵਾਰ ਸਮੇਤ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਅਤੇ ਲਾਲਚ ਦੇ ਆਪਣਾ ਮਤਦਾਨ ਜ਼ਰੂਰ ਕਰਨ।
ਸ੍ਰੀਮਤੀ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿਚ 1563 ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਖੇ 251, ਦਸੂਹਾ 224, ਉੜਮੁੜ 221, ਸ਼ਾਮਚੁਰਾਸੀ 220, ਹੁਸ਼ਿਆਰਪੁਰ 214, ਚੱਬੇਵਾਲ 205 ਅਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਖੇ 228 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸ਼ਾਂਤੀਪੂਰਨ ਢੰਗ ਨਾਲ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਸੀ ਅਤੇ 9 ਵਜੇ ਤੱਕ 5.3 ਫੀਸਦੀ ਵੋਟਾਂ ਪੋਲ ਹੋਈਆਂ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 5.5 ਫੀਸਦੀ, ਦਸੂਹਾ 5.7, ਗੜ੍ਹਸ਼ੰਕਰ 7 ਫੀਸਦੀ, ਹੁਸ਼ਿਆਰਪੁਰ ਵਿਖੇ 4.3, ਮੁਕੇਰੀਆਂ ਵਿਖੇ 5.9, ਸ਼ਾਮਚੁਰਾਸੀ 4.9 ਅਤੇ ਉੜਮੁੜ ਵਿਖੇ 4.1 ਫੀਸਦੀ ਮਤਦਾਨ ਹੋਇਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 12 ਲੱਖ 87 ਹਜ਼ਾਰ 837 ਵੋਟਰ ਹਨ, ਜਿਨ੍ਹਾਂ ਵਿਚ 6,62,641 ਪੁਰਸ਼, 6,25,154 ਮਹਿਲਾ ਅਤੇ 42 ਥਰਡ ਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਸਮੂਹ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਮਜ਼ਬੂਤ ਲੋਕਤੰਤਰ ਵਿਚ ਆਪਣੀ ਹਿੱਸੇਦਾਰੀ ਪਾਉਣ ਲਈ ਮਤਦਾਨ ਕਰਨਾ ਬਹੁਤ ਜ਼ਰੂਰੀ ਹੈ।