ਜਲੰਧਰ, 8 ਮਾਰਚ (ਨਿਊਜ਼ ਹੰਟ)- ਪੰਜਾਬ ਗ੍ਰਾਮੀਣ ਬੈਂਕ ਖੇਤਰੀ ਦਫ਼ਤਰ, ਜਲੰਧਰ ਵੱਲੋਂ ਸੰਜੀਵ ਕੁਮਾਰ ਦੇਬੇ ਚੇਅਰਮੈਨ, ਮਿਹਰ ਚੰਦ ਜਨਰਲ ਮੈਨੇਜਰ, ਵੀ.ਕੇ. ਦੁਆ ਜਨਰਲ ਮੈਨੇਜਰ ਦੀ ਅਗਵਾਈ ਅਤੇ ਕਰਤਾਰ ਚੰਦ ਖੇਤਰੀ ਮੈਨੇਜਰ, ਜਲੰਧਰ ਦੇ ਮਾਰਗ ਦਰਸ਼ਨ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।
ਇਸ ਮੌਕੇ ਸ਼੍ਰੀਮਤੀ ਸਵਿਤਾ ਸਿੰਘ ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦਕਿ ਪ੍ਰਧਾਨਗੀ ਕਰਤਾਰ ਚੰਦ ਖੇਤਰੀ ਮੈਨੇਜਰ, ਜਲੰਧਰ ਵੱਲੋਂ ਕੀਤੀ ਗਈ। ਇਸ ਮੌਕੇ ਬੈਂਕ ਦੀਆਂ ਵੱਖ-ਵੱਖ ਬ੍ਰਾਂਚਾ ਤੋਂ ਆਏ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸਵਿਤਾ ਸਿੰਘ ਨੇ ਲਿੰਗ ਸਮਾਨਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਔਰਤਾਂ ਨੂੰ ਸਮਾਜ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਆਪਣਾ ਹੌਸਲਾ ਬੁਲੰਦ ਰੱਖਣ ਲਈ ਪ੍ਰੇਰਿਤ ਕੀਤਾ। ਉਪਰੰਤ ਸਮੂਹ ਮਹਿਲਾ ਸਟਾਫ਼ ਮੈਂਬਰਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।
ਖੇਤਰੀ ਮੈਨੇਜਰ ਕਰਤਾਰ ਚੰਦ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਇਸ ਦੌਰਾਨ ਵੱਖ-ਵੱਖ ਬ੍ਰਾਂਚਾ ਦੀਆਂ ਮਹਿਲਾ ਸਟਾਫ਼ ਮੈਂਬਰਾਂ ਨੂੰ ਸੰਸਥਾ ਪ੍ਰਤੀ ਸਮਰਪਿਤ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਸੀਨੀਅਰ ਮੈਨੇਜਰ ਸੰਜੀਵ ਮੋਂਗਾ ਨੇ ਸਮਾਗਮ ਦੀ ਕਾਰਵਾਈ ਚਲਾਈ ਅਤੇ ਔਰਤਾਂ ਦੇ ਸਨਮਾਨ ਵਿੱਚ ਕਵਿਤਾ ਪੇਸ਼ ਕੀਤੀ। ਅਖੀਰ ਵਿੱਚ ਖੇਤਰੀ ਮੈਨੇਜਰ ਵੱਲੋਂ ਸ਼੍ਰੀਮਤੀ ਸਵਿਤਾ ਸਿੰਘ ਡੀ.ਡੀ.ਐਮ ਨਾਬਾਰਡ ਦਾ ਸਨਮਾਨ ਕੀਤਾ ਗਿਆ। ਅਮਨਦੀਪ ਸਿੰਘ ਬੈਂਸ ਜ਼ਿਲ੍ਹਾ ਕੋ-ਆਰਡੀਨੇਟਰ ਨੇ ਇਸ ਮੌਕੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ।