28.5 C
Jalandhar
Friday, July 25, 2025

ਕਿਸਾਨ ਫ਼ਸਲੀ ਚੱਕਰ ’ਚੋਂ ਨਿਕਲ ਕੇ ਖੇਤੀ ਵਿਭਿੰਨਤਾ ਅਪਨਾਉਣ : ਸੰਦੀਪ ਹੰਸ

ਹੁਸ਼ਿਆਰਪੁਰ, 9 ਅਪ੍ਰੈਲ (ਨਿਊਜ਼ ਹੰਟ)- ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਖੇਤੀ ਭਵਨ ਵਿਚ ਲਗਾਇਆ ਗਿਆ। ਇਸ ਕੈਂਪ ਵਿਚ ਖੇਤੀਬਾੜੀ ਵਿਭਾਗ ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ ਸਬੰਧੀ ਜਾਣੂ ਕਰਵਾਇਆ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੀਤਾ। ਇਸ ਦੌਰਾਨ ਵਿਧਾਇਕ ਮੁਕੇਰੀਆਂ ਸ੍ਰੀ ਜੰਗੀ ਲਾਲ ਮਹਾਜਨ ਤੇ ਪਰਮਜੀਤ ਸਿੰਘ ਸਚਦੇਵਾ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।

ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸਾਰਿਆਂ ਦੇ ਸਹਿਯੋਗ ਨਾਲ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖੇਤੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਖੇਤ ਪੱਧਰ ’ਤੇ ਲਾਗੂ ਕਰਦਾ ਹੈ ਤਾਂ ਉਸ ਕਿਸਾਨ ਦਾ ਹੱਥ ਫੜਨਾ ਪਵੇਗਾ ਅਤੇ ਵਿਭਾਗ ਵਲੋਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਕਿਸਾਨਾਂ ਲਈ ਢੁਕਵੇਂ ਹੱਲ, ਪ੍ਰਸਾਰ ਤੇ ਖੋਜ਼ਾਂ ਪੰਹੁਚਾਉਣ ਦੀ ਜਰੂਰਤ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪਾਣੀ ਦੀ ਬੱਚਤ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਜਿਆਦਾ ਕੰਢੀ ਖੇਤਰ ਹੋਣ ਕਾਰਨ ਪਾਣੀ ਦੀ ਮੁੱਖ ਸਮੱਸਿਆ ਹੈ, ਇਸ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਦੇ ਹੋਏ ਖੇਤੀ ਦੀਆਂ ਤਕਨੀਕਾਂ ਜਿਸ ਵਿਚ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ, ਨੂੰ ਲਾਗੂ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਕਰਾਉਣ ਦਾ ਉਦੇਸ਼ ਇਹੀ ਹੈ ਕਿ ਕਿਸਾਨਾਂ ਨੂੰ ਨਵੀਂ ਖੇਤੀ ਤਕਨੀਕਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਣਕ ਦੀ ਫ਼ਸਲ ਸਰਕਾਰ ਵਲੋਂ ਖਰੀਦਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਫ਼ਸਲ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਸਾਨ ਗਰੁੱਪਾਂ ਤੇ ਸੈਲਫ ਹੈਲਪ ਗਰੁੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਦੇਖੀਆਂ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ।

ਕੈਂਪ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਨੇ ਖੇਤੀਬਾੜੀ ਵਿਭਾਗ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਇਕਜੁੱਟਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਅੱਗੇ ਆਉਣ ਕਿਉਂਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ। ਇਸ ਤੋਂ ਇਲਾਵਾ ਜਮੀਨ ਅੰਦਰ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜੋ ਜਮੀਨ ਦੇ ਉਤਪਾਦਨ ਵਿਚ ਅਸਰ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਖੇਤੀ ਵਿਭਾਗ ਕਿਸਾਨਾਂ ਤੱਕ ਖਾਦਾਂ, ਬੀਜਾਂ ਅਤੇ ਹੋਰ ਵਸਤੂਆਂ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਯੁੱਗ ਵਿਚ ਗਰੁੱਪ, ਸੋਸਾਇਟੀ ਬਣਾ ਕੇ ਖੇਤੀ ਕਰਨਾ ਲਾਭਦਾਇਕ ਹੈ ਤਾਂ ਜੋ ਮਹਿੰਗੀ ਆਧੁਨਿਕ ਮਸ਼ੀਨਾਂ ਦੀ ਖਰੀਦ ਕਰਕੇ ਕਿਸਾਨ ਚੰਗਾ ਮੰਡੀਕਰਨ ਕਰ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਭੂਮੀ ਪਰਖ ਦੇ ਆਧਾਰ ਪ੍ਰਾਪਤ ਕੀਤੇ ਭੂਮੀ ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦਾ ਪ੍ਰਯੋਗ ਕਰਨ। ਉਨ੍ਹਾਂ ਇਸ ਦੌਰਾਨ ਆਤਮਾ ਸਕੀਮ ਤਹਿਤ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਵਿਗਿਆਨਕਾਂ ਦੀ ਟੀਮ ਨੇ ਖਰੀਫ ਦੀਆਂ ਮੁੱਖ ਫ਼ਸਲਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਪਾਣੀ ਦੀ ਬੱਚਤ ਲਈ ਕਿਸਾਨ ਝੋਨੇ ਲਈ ਸਿੱਧੀ ਬਿਜਾਈ ਨੂੰ ਪਹਿਲ ਦੇਣ ਅਤੇ ਮਾਹਿਰਾਂ ਵਲੋਂ ਸੁਝਾਈਆਂ ਖਰੀਫ ਦੀਆਂ ਫਸ਼ਲਾਂ ਲਈ ਨੁਕਤੇ ਖੇਤ ਪੱਧਰ ’ਤੇ ਲਾਗੂ ਕਰਕੇ ਖੇਤੀ ਲਾਗਤ ਦੇ ਖਰਚੇ ਘੱਟ ਕਰਕੇ ਮੁਨਾਫਾ ਵਧਾਉਣ ਦੀ ਅਪੀਲ ਕੀਤੀ।

ਇਸ ਦੌਰਾਨ ਦਪਿੰਦਰ ਸਿੰਘ, ਸੁਭਾਸ਼ ਚੰਦਰ, ਜਸਵੀਰ ਸਿੰਘ, ਹਰਮਨਦੀਪ ਸਿੰਘ, ਵਿਨੇ ਕੁਮਾਰ, ਸੁਰਿੰਦਰ ਸਿੰਘ, ਗਗਨਦੀਪ ਸਿੰਘ, ਨਵਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਅਤੇ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,400SubscribersSubscribe
- Advertisement -spot_img

Latest Articles