9.3 C
Jalandhar
Monday, January 26, 2026

ਸੁੰਦਰ ਸ਼ਾਮ ਅਰੋੜਾ ਨੇ ਵਿਦਿਆਰਥੀਆਂ, ਖਿਡਾਰੀਆਂ ਅਤੇ ਲੋਕਾਂ ਲਈ 3 ਅਹਿਮ ਪ੍ਰੋਜੈਕਟ ਕਰਵਾਏ ਸਮਰਪਿਤ

ਹੁਸ਼ਿਆਰਪੁਰ, 15 ਅਗਸਤ ( ਨਿਊਜ਼ ਹੰਟ )-  ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ 3 ਅਹਿਮ ਪ੍ਰੋਜੈਕਟ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਲੋਕਾਂ ਨੂੰ ਸਮਰਪਿਤ ਕਰਵਾਏ ਜਿਹੜੇ ਕਿ ਵਿਦਿਆਰਥੀਆਂ, ਖਿਡਾਰੀਆਂ ਅਤੇ ਆਮ ਲੋਕਾਂ ਲਈ ਵੱਡੀਆਂ ਸਹੂਲਤਾਂ ਹੋਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 4 ਮਾਰਚ 2019 ਨੂੰ ਆਨਲਾਈਨ ਢੰਗ ਨਾਲ ਸਥਾਨਕ ਸਰਕਾਰੀ ਕਾਲਜ ’ਚ ਰੱਖੇ ਗਏ ਲਾਇਬ੍ਰੇਰੀ ਦੇ ਨੀਂਹ ਪੱਥਰ ਉਪਰੰਤ 2.41 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਇਸ ਪ੍ਰੋਜੈਕਟ ਦੀ ਸ਼ੁਰੂਆਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਾਲਜ ਵਿਚ ਸਫ਼ਾਈ ਸੇਵਕ ਵਜੋਂ ਸੇਵਾਵਾਂ ਦੇ ਰਹੀ ਮਹਿਲਾ ਕਮਲਾ ਦੇਵੀ ਤੋਂ ਕਰਵਾਈ। ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਲਾਇ੍ਰਬੇਰੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਸ ਦੀ ਪਹਿਲੀ ਅਤੇ ਦੂਸਰੀ ਮੰਜ਼ਿਲ ’ਤੇ ਈ-ਲਾਇਬ੍ਰੇਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਸ ਵੱਕਾਰੀ ਕਾਲਜ ਵਿਚ ਸਥਾਪਤ ਹੋਈ ਨਵੀਂ ਲਾਇਬ੍ਰੇਰੀ ਵਿਦਿਆਰਥੀਆਂ ਲਈ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਏਗੀ ਤਾਂ ਜੋ ਉਚੇਰੀ ਸਿੱਖਿਆ ਹਾਸਲ ਕਰਕੇ ਉਹ ਆਪਣਾ ਚੰਗੇਰਾ ਭਵਿੱਖ ਬਣਾ ਸਕਣ। ਲਾਇਬ੍ਰੇਰੀ ਵਿਚ ਫਰਨੀਚਰ ਅਤੇ ਹੋਰ ਬੁਨਿਆਦੀ ਢਾਂਚੇ ਲਈ ਉਦਯੋਗ ਮੰਤਰੀ ਨੇ ਕਾਲਜ ਨੂੰ 7 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਬਹੁਮੰਤਵੀ ਇੰਡੋਰ ਖੇਡ ਸਟੇਡੀਅਮ : ਇਸ ਉਪਰੰਤ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਲਾਜਵੰਤੀ ਖੇਡ ਸਟੇਡੀਅਮ ਦੇ ਅੰਦਰ ਬਣੇ ਬਹੁਮੰਤਵੀ ਇੰਡੋਰ ਸਪੋਰਟਸ ਸਟੇਡੀਅਮ ਦੀ ਸ਼ੁਰੂਆਤ ਬਾਕਸਿੰਗ ਦੀਆਂ ਤਿੰਨ ਖਿਡਾਰਨਾਂ ਸਾਨੀਆ, ਪ੍ਰਿਅੰਕਾ ਅਤੇ ਮੁਸਕਾਨ ਤੋਂ ਕਰਵਾਉਂਦਿਆਂ ਐਲਾਨ ਕੀਤਾ ਕਿ ਇਹ ਸਪੋਰਟਸ ਕੰਪਲੈਕਸ ਉਡਣੇ ਸਿੱਖ ਮਿਲਖਾ ਸਿੰਘ ਜੀ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 6.99 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਕੰਪਲੈਕਸ ਵਿਚ 20 ਦੇ ਕਰੀਬ ਵੱਖ-ਵੱਖ ਖੇਡਾਂ ਜਿਵੇਂ ਕਿ ਬੈਡਮਿੰਟਨ ਐਂਡ ਸ਼ਾਰਟ ਟੈਨਿਸ, ਬਾਸਕਟਬਾਲ, ਵਾਲੀਬਾਲ, ਜਿੰਮ, ਸਕੈਸ਼ ਕੋਰਟ, ਹੈਂਡਬਾਲ, ਨੈਟ ਬਾਲ ਕੋਰਟ, ਜਿਮਨਾਸਟਿਕ ਕੋਰਟ ਆਦਿ ਦੇ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਧੀਆ ਢੰਗ ਨਾਲ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵਲੋਂ ਵੱਖ-ਵੱਖ ਖੇਡਾਂ ਦੇ ਕੋਚਾਂ ਰਾਹੀਂ ਉਭਰ ਰਹੇ ਖਿਡਾਰੀਆਂ ਨੂੰ ਸਿਖਲਾਈ ਦੇ ਕੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਸਮਰੱਥ ਬਣਾਇਆ ਜਾਵੇਗਾ।
ਹੁਸ਼ਿਆਰਪੁਰ ਸਿਟੀ ਸੈਂਟਰ : ਹੁਸ਼ਿਆਰਪੁਰ ਵਾਸੀਆਂ ਲਈ ਇਕ ਹੋਰ ਅਹਿਮ ਪ੍ਰੋਜੈਕਟ ਸ਼ੁਰੂ ਕਰਵਾਉਂਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਹਿਰ ਦੇ ਕੇਂਦਰ ’ਚ 6.11 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹੁਸ਼ਿਆਰਪੁਰ ਸਿਟੀ ਸੈਂਟਰ ਨੂੰ ਈ-ਰਿਕਸ਼ਾ ਚਲਾਉਣ ਵਾਲੀਆ ਦਿਵਆਂਗ ਔਰਤਾਂ ਤੋਂ ਸਮਰਪਿਤ ਕਰਵਾਇਆ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਵਾਲੇ ਇਸ ਹਾਲ ਨੂੰ ਕੋਈ ਵੀ ਵਿਅਕਤੀ ਬੜੇ ਵਾਜਬ ਰੇਟ ’ਤੇ ਵੱਖ-ਵੱਖ ਪ੍ਰੋਗਰਾਮਾਂ ਲਈ ਬੁੱਕ ਕਰਵਾ ਸਕੇਗਾ ਜਿਥੇ ਕਰੀਬ 1000 ਵਿਅਕਤੀਆਂ ਦੇ ਇਕੱਠ ਦੀ ਸਮਰੱਥਾ ਦੇ ਨਾਲ-ਨਾਲ 50 ਤੋਂ ਵੱਧ ਕਾਰਾਂ ਅਤੇ ਮੋਟਰਸਾਈਕਲਾਂ-ਸਕੂਟਰਾਂ ਦੀ ਪਾਰਕਿੰਗ ਦਾ ਵੀ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਇਹ ਹਾਲ ਪੂਰੀ ਤਰ੍ਹਾਂ ਏਅਰਕੰਡੀਸ਼ਨ ਹੈ ਜਿਥ 8 ਗੈਸਟ ਰੂਮਜ਼ ਦਾ ਵੀ ਇੰਤਜ਼ਾਮ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਭਵਿੱਖੀ ਲੋੜਾਂ ਨੂੰ ਹਰ ਪੱਖੋਂ ਧਿਆਨ ਵਿਚ ਰੱਖਦਿਆਂ ਬਣਾਇਆ ਗਿਆ ਹੈ ਜਿਸ ਦੇ ਚੁਫੇਰੇ 20 ਫੁੱਟ ਚੌੜੀ ਸੜਕ ਦੀ ਸਹੂਲਤ ਹੈ।
ਇਸ ਮੌਕੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਕ ਨੁਕਾਤੀ ਪ੍ਰੋਗਰਾਮ ਸਿਰਫ ਤੇ ਸਿਰਫ ਹਰ ਖੇਤਰ ਵਿਚ ਮਿਆਰੀ ਵਿਕਾਸ ਕਰਵਾਉਣਾ ਹੈ ਅਤੇ ਪਿਛਲੇ ਚਾਰ ਸਾਲ ਤੋਂ ਵੱਧ ਸਮੇਂ ਦੌਰਾਨ ਹੁਸ਼ਿਆਰਪੁਰ ਸ਼ਹਿਰ ਵਿਚ ਰਿਕਾਰਡ ਵਿਕਾਸ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲੋਕਪੱਖੀ ਪ੍ਰੋਜੈਕਟਾਂ ਦੀ ਰਫਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਆਉਂਦੇ ਸਮੇਂ ਵਿਚ ਲਾਮਿਸਾਲ ਵਿਕਾਸ ਕਾਰਜ ਹੋਣਗੇ ਜਿਨ੍ਹਾਂ ਬਾਰੇ ਜਲਦ ਹੀ ਐਲਾਨ ਕੀਤੇ ਜਾ ਰਹੇ ਹਨ।
ਉਦਯੋਗ ਤੇ ਵਣਜ ਮੰਤਰੀ ਨਾਲ ਚੇਅਰਮੈਨ ਪੰਜਾਬ ਪੱਛੜੀਆਂ ਸ਼ੇ੍ਰਣੀਆਂ ਕਮਿਸ਼ਨ ਸਰਵਨ ਸਿੰਘ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਐਸ.ਡੀ.ਐਮ. ਹੁਸ਼ਿਆਰਪੁਰ ਸ਼ਿਵ ਰਾਜ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ, ਪਿ੍ਰੰਸੀਪਲ ਸਰਕਾਰੀ ਕਾਲਜ ਡਾ. ਜਸਵਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਪਰਮਜੀਤ ਸਿੰਘ, ਸਤਨਾਮ ਸਿੰਘ ਜੱਬਲ, ਐਕਸੀਅਨ ਲੋਕ ਨਿਰਮਾਣ ਵਿਭਾਗ ਰਜਿੰਦਰ ਸਿੰਘ ਗੋਤਰਾ, ਐਸ. ਡੀ. ਓ. ਗੁਰਮੀਤ ਸਿੰਘ, ਪ੍ਰੋ: ਅਮਨ ਆਦਿ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Stay Connected

0FansLike
3,912FollowersFollow
22,800SubscribersSubscribe
- Advertisement -spot_img

Latest Articles